ਯੋਨਾਥਾਨ—‘ਉਹ ਨੇ ਪਰਮੇਸ਼ੁਰ ਦੇ ਨਾਲ ਕੰਮ ਕੀਤਾ’
ਯੋਨਾਥਾਨ—‘ਉਹ ਨੇ ਪਰਮੇਸ਼ੁਰ ਦੇ ਨਾਲ ਕੰਮ ਕੀਤਾ’
ਇਸਰਾਏਲ ਦੇ ਪਹਿਲੇ ਰਾਜੇ ਦਾ ਪੁੱਤਰ ਕਿਸੇ ਬੰਦੇ ਨੂੰ ਮਿਲਣ ਗਿਆ ਜੋ ਥਾਂ-ਥਾਂ ਲੁਕਦਾ ਫਿਰਦਾ ਸੀ। ਉਹ ਨੇ ਉਸ ਨੂੰ ਕਿਹਾ: “ਤੂੰ ਡਰ ਨਹੀਂ ਕਿਉਂ ਜੋ ਮੇਰੇ ਪਿਉ ਸ਼ਾਊਲ ਦਾ ਹੱਥ ਤੇਰੇ ਕੋਲ ਨਾ ਅੱਪੜੇਗਾ ਅਤੇ ਤੂੰ ਇਸਰਾਏਲ ਦਾ ਪਾਤਸ਼ਾਹ ਹੋਵੇਂਗਾ ਅਤੇ ਮੈਂ ਤੈਥੋਂ ਦੂਜੇ ਦਰਜੇ ਤੇ ਹੋਵਾਂਗਾ।”—1 ਸਮੂਏਲ 23:17.
ਥਾਂ-ਥਾਂ ਲੁਕਦਾ ਫਿਰਦਾ ਇਹ ਬੰਦਾ ਦਾਊਦ ਸੀ ਤੇ ਉਸ ਨੂੰ ਮਿਲਣ ਜਾਣ ਵਾਲਾ ਸ਼ਖ਼ਸ ਯੋਨਾਥਾਨ ਸੀ। ਜੇ ਯੋਨਾਥਾਨ ਦੀ ਮੌਤ ਨਾ ਹੁੰਦੀ, ਤਾਂ ਸੰਭਵ ਹੈ ਕਿ ਉਸ ਨੇ ਦਾਊਦ ਦਾ ਭਰੋਸੇਯੋਗ ਬੰਦਾ ਹੋਣਾ ਸੀ।
ਦਾਊਦ ਤੇ ਯੋਨਾਥਾਨ ਦੀ ਦੋਸਤੀ ਲਾਜਵਾਬ ਸੀ। ਦਰਅਸਲ ਯੋਨਾਥਾਨ ਬਹੁਤ ਹੀ ਚੰਗਾ ਬੰਦਾ ਸੀ। ਉਸ ਦੇ ਜ਼ਮਾਨੇ ਦੇ ਲੋਕ ਵੀ ਇਸੇ ਤਰ੍ਹਾਂ ਮੰਨਦੇ ਸੀ ਜਿਨ੍ਹਾਂ ਨੇ ਉਸ ਬਾਰੇ ਕਿਹਾ: ‘ਉਹ ਨੇ ਪਰਮੇਸ਼ੁਰ ਦੇ ਨਾਲ ਕੰਮ ਕੀਤਾ ਹੈ।’ (1 ਸਮੂਏਲ 14:45) ਉਨ੍ਹਾਂ ਨੇ ਇਸ ਤਰ੍ਹਾਂ ਕਿਉਂ ਕਿਹਾ? ਯੋਨਾਥਨ ਵਿਚ ਕਿਹੜੇ ਗੁਣ ਸਨ? ਉਸ ਦੀ ਜੀਵਨੀ ਤੋਂ ਅਸੀਂ ਕੀ ਸਿੱਖਦੇ ਹਾਂ?
ਇਸਰਾਏਲੀ ਮੁਸੀਬਤ ਵਿਚ
ਜਦ ਬਾਈਬਲ ਵਿਚ ਯੋਨਾਥਾਨ ਦਾ ਪਹਿਲੀ ਵਾਰ ਜ਼ਿਕਰ ਆਉਂਦਾ ਹੈ, ਉਸ ਵੇਲੇ ਇਸਰਾਏਲੀ ਮੁਸੀਬਤ ਵਿਚ ਸਨ। ਫਲਿਸਤੀਆਂ ਨੇ ਉਨ੍ਹਾਂ ਦਾ ਦੇਸ਼ ਲੁੱਟ ਲਿਆ ਸੀ ਤੇ ਉਹ ਹਰ ਚੀਜ਼ ਮਿਟਾ ਦਿੱਤੀ ਜਿਸ ਨਾਲ ਉਹ ਆਪਣੀ ਰਾਖੀ ਕਰ ਸਕਦੇ ਸਨ।—1 ਸਮੂਏਲ 13:5, 6, 17-19.
ਪਰ ਯਹੋਵਾਹ ਨੇ ਕਿਹਾ ਕਿ ਉਹ ਆਪਣੇ ਲੋਕਾਂ ਨੂੰ ਨਹੀਂ ਤਿਆਗੇਗਾ ਤੇ ਯੋਨਾਥਾਨ ਨੇ ਇਸ ਗੱਲ ਤੇ ਵਿਸ਼ਵਾਸ ਕੀਤਾ। ਯੋਨਾਥਾਨ ਦੇ ਪਿਤਾ ਸ਼ਾਊਲ ਬਾਰੇ ਪਰਮੇਸ਼ੁਰ ਨੇ ਕਿਹਾ ਕਿ ਉਹ “ਮੇਰੀ ਪਰਜਾ ਨੂੰ ਫਲਿਸਤੀਆਂ ਦੇ ਹੱਥੋਂ ਛੁਡਾਵੇ।” ਯੋਨਾਥਾਨ ਨੂੰ ਇਸ ਗੱਲ ਤੇ ਭਰੋਸਾ ਸੀ। ਉਸ ਨੇ ਵੀ ਪਹਿਲਾਂ 1,000 ਨਿਹੱਥੇ ਇਸਰਾਏਲੀ ਆਦਮੀਆਂ ਦੀ ਮਦਦ ਨਾਲ ਫਲਿਸਤੀਆਂ ਉੱਤੇ ਜਿੱਤ ਹਾਸਲ ਕੀਤੀ ਸੀ। ਹੁਣ ਉਹ ਲੋਕਾਂ ਨੂੰ ਫਲਿਸਤੀਆਂ ਦੇ ਡਰ ਤੋਂ ਪੂਰੀ ਤਰ੍ਹਾਂ ਆਜ਼ਾਦ ਕਰਵਾਉਣਾ ਚਾਹੁੰਦਾ ਸੀ।—1 ਸਮੂਏਲ 9:16; 12:22; 13:2, 3, 22.
ਦਲੇਰੀ ਨਾਲ ਹਮਲਾ
ਯੋਨਾਥਾਨ ਨੇ ਮਿਕਮਾਸ਼ ਦੇ ਦਰੇ ਨੇੜੇ ਫਲਿਸਤੀਆਂ ਦੀ ਚੌਂਕੀ ਤੇ ਹਮਲਾ ਕਰਨ ਦੀ ਸੋਚੀ। (1 ਸਮੂਏਲ 13:23) ਹਮਲਾ ਕਰਨ ਵਾਸਤੇ ਉਸ ਨੂੰ “ਆਪਣੇ ਹੱਥਾਂ ਅਤੇ ਪੈਰਾਂ ਦੇ ਭਾਰ” ਚੜ੍ਹ ਕੇ ਚੌਂਕੀ ਤੇ ਪਹੁੰਚਣਾ ਪੈਣਾ ਸੀ। ਇਹ ਗੱਲ ਉਸ ਨੂੰ ਰੋਕ ਨਾ ਪਾਈ। ਯੋਨਾਥਾਨ ਸਿਰਫ਼ ਆਪਣੇ ਸ਼ਸਤਰ ਚੁੱਕਣ ਵਾਲੇ ਨੂੰ ਹੀ ਨਾਲ ਲੈ ਕੇ ਗਿਆ ਜਿਸ ਨੂੰ ਉਸ ਨੇ ਕਿਹਾ: “ਕੀ ਜਾਣੀਏ ਜੋ ਯਹੋਵਾਹ ਸਾਡੇ ਲਈ ਕੰਮ ਸੁਆਰੇ ਕਿਉਂ ਜੋ ਯਹੋਵਾਹ ਅੱਗੇ ਕੁਝ ਔਖ ਨਹੀਂ ਜੋ ਬਹੁਤਿਆਂ ਨਾਲ ਛੁਟਕਾਰਾ ਕਰੇ ਯਾ ਥੋੜਿਆਂ ਨਾਲ।”—1 ਸਮੂਏਲ 14:6, 13.
ਇਨ੍ਹਾਂ ਦੋਹਾਂ ਇਸਰਾਲੀਆਂ ਨੇ ਯਹੋਵਾਹ ਤੋਂ ਇਕ ਨਿਸ਼ਾਨ ਦੇਖਣਾ ਚਾਹਿਆ। ਉਨ੍ਹਾਂ ਨੇ ਸੋਚਿਆ ਕਿ ਉਹ ਆਪਣੇ ਆਪ ਨੂੰ ਚੌਂਕੀ ਦੇ ਆਦਮੀਆਂ ਨੂੰ ਦਿਖਾਉਣਗੇ। ਜੇ ਫਲਿਸਤੀਆਂ ਨੇ ਉਨ੍ਹਾਂ ਨੂੰ ਕਿਹਾ ਕਿ “ਜਦ ਤੋੜੀ ਅਸੀਂ ਤੁਹਾਡੇ ਕੋਲ ਨਾ ਆਈਏ ਠਹਿਰ ਜਾਓ,” ਤਾਂ ਯੋਨਾਥਾਨ ਤੇ ਉਸ ਦੇ ਬੰਦੇ ਨੇ ਅੱਗੇ ਨਹੀਂ ਸੀ ਜਾਣਾ। ਪਰ ਜੇ ਉਨ੍ਹਾਂ ਦੇ ਦੁਸ਼ਮਣ ਕਹਿੰਦੇ: “ਸਾਡੇ ਕੋਲ ਚੜ੍ਹ ਆਓ,” ਤਾਂ ਇਸ ਦਾ ਮਤਲਬ ਸੀ ਕਿ ਯਹੋਵਾਹ ਯੋਨਾਥਾਨ ਅਤੇ ਉਸ ਦੇ ਸ਼ਸਤਰ ਚੁੱਕਣ ਵਾਲੇ ਨੂੰ ਜਿੱਤ ਦਿਵਾਏਗਾ। ਜੇ ਯੋਨਾਥਾਨ ਚੌਂਕੀ ਤੇ ਪੁੱਜ ਗਿਆ, ਤਾਂ ਉਹ ਧਾਵਾ ਬੋਲ ਦੇਵੇਗਾ।—1 ਸਮੂਏਲ 14:8-10.
ਕੀ ਇਹ ਦੋਵੇਂ ਆਦਮੀ ਪੂਰੀ ਚੌਂਕੀ ਦੇ ਸਿਪਾਹੀਆਂ ਤੇ ਜਿੱਤ ਹਾਸਲ ਕਰ ਸਕਦੇ ਸਨ? ਕੀ ਯਹੋਵਾਹ ਨੇ ਮੋਆਬੀਆਂ ਉੱਤੇ ਚੜ੍ਹਾਈ ਕਰਨ ਵਿਚ ਏਹੂਦ ਨਾਂ ਦੇ ਇਕ ਨਿਆਈ ਦੀ ਮਦਦ ਨਹੀਂ ਸੀ ਕੀਤੀ? ਕੀ ਪਰਮੇਸ਼ੁਰ ਸ਼ਮਗਰ ਦੇ ਨਾਲ ਨਹੀਂ ਸੀ ਜਦ ਉਸ ਨੇ 600 ਫਲਿਸਤੀਆਂ ਨੂੰ ਪ੍ਰੈਣ ਨਾਲ ਮਾਰ ਦਿੱਤਾ ਸੀ? ਨਾਲੇ ਕੀ ਯਹੋਵਾਹ ਨੇ ਸਮਸੂਨ ਨੂੰ ਫਲਿਸਤੀਆਂ ਨਾਲ ਇਕੱਲਿਆਂ ਲੜਨ ਦੀ ਤਾਕਤ ਨਹੀਂ ਦਿੱਤੀ ਸੀ? ਯੋਨਾਥਾਨ ਨੂੰ ਵਿਸ਼ਵਾਸ ਸੀ ਕਿ ਯਹੋਵਾਹ ਉਸ ਦੀ ਵੀ ਮਦਦ ਕਰੇਗਾ।—ਨਿਆਈਆਂ 3:12-31; 15:6-8, 15; 16:29, 30.
ਦੋਹਾਂ ਇਸਰਾਏਲੀਆਂ ਨੂੰ ਦੇਖ ਕੇ ਫਲਿਸਤੀ ਚਿਲਾਏ: “ਸਾਡੇ ਕੋਲ ਚੜ੍ਹ ਆਓ ਤਾਂ ਅਸੀਂ ਤੁਹਾਨੂੰ ਇੱਕ ਗੱਲ ਦੱਸਾਂਗੇ।” ਯੋਨਾਥਾਨ ਅਤੇ ਉਸ ਦਾ ਸ਼ਸਤਰ ਚੁੱਕਣ ਵਾਲਾ ਉੱਪਰ ਚਲੇ ਗਏ। ਉਨ੍ਹਾਂ ਨੇ ਦਲੇਰੀ ਨਾਲ ਹਮਲਾ ਕਰ ਕੇ ਤਕਰੀਬਨ 20 ਸਿਪਾਹੀਆਂ ਨੂੰ ਮਾਰ ਦਿੱਤਾ ਜਿਸ ਨਾਲ ਚੌਂਕੀ ਤੇ ਦਹਿਸ਼ਤ ਫੈਲ ਗਈ। ਫਲਿਸਤੀਆਂ ਨੇ ਸ਼ਾਇਦ ਸੋਚਿਆ ਹੋਣਾ ਕਿ ਇਨ੍ਹਾਂ ਦੋ ਬੰਦਿਆਂ ਪਿੱਛੇ ਹੋਰ ਕਈ ਇਸਰਾਏਲੀ ਯੋਧੇ ਆ ਰਹੇ ਸਨ। ਬਿਰਤਾਂਤ ਦੱਸਦਾ ਹੈ ਕਿ ‘ਸਾਰਿਆਂ ਲੋਕਾਂ ਵਿੱਚ ਕੰਬਣੀ ਛਿੜ ਪਈ ਅਤੇ ਧਰਤੀ ਵਿੱਚ ਭੁੰਚਾਲ ਆਇਆ ਅਤੇ ਇਹ ਜਾਣੋ ਪਰਮੇਸ਼ੁਰ ਵੱਲੋਂ ਕੰਬਣੀ ਸੀ।’ ਪਰਮੇਸ਼ੁਰ ਵੱਲੋਂ ਭੇਜੇ ਭੁਚਾਲ ਕਾਰਨ ਫਲਿਸਤੀਆਂ ਵਿਚ ਦਹਿਸ਼ਤ 1 ਸਮੂਏਲ 14:11-23, 31.
ਫੈਲ ਗਈ ਜਿਸ ਕਰਕੇ “ਸਭ ਕਿਸੇ ਦੀ ਤਲਵਾਰ ਆਪਣੇ ਨਾਲ ਦੇ ਉੱਤੇ ਚੱਲੀ।” ਇਸਰਾਏਲ ਦੀਆਂ ਫ਼ੌਜਾਂ ਨੇ ਜਦ ਇਹ ਸਭ ਦੇਖਿਆ, ਤਾਂ ਉਨ੍ਹਾਂ ਦਾ ਹੌਸਲਾ ਬੁਲੰਦ ਹੋ ਗਿਆ। ਜੋ ਇਸਰਾਏਲੀ ਲੁਕ ਕੇ ਬੈਠੇ ਸਨ ਤੇ ਜਿਨ੍ਹਾਂ ਨੇ ਫਲਿਸਤੀਆਂ ਦਾ ਸਾਥ ਦਿੱਤਾ ਸੀ ਉਹ ਵੀ ਯੁੱਧ ਵਿਚ ਸ਼ਾਮਲ ਹੋ ਗਏ। ਜੀ ਹਾਂ, ਸਭ ਇਸਰਾਏਲੀਆਂ ਨੇ ਮਿਲ ਕੇ “ਮਿਕਮਾਸ਼ ਤੋਂ ਲੈ ਕੇ ਅਯਾਲੋਨ ਤੋੜੀ ਫਲਿਸਤੀਆਂ ਨੂੰ ਮਾਰਿਆ।”—ਲੋਕਾਂ ਨੇ ਯੋਨਾਥਾਨ ਨੂੰ ਬਚਾਇਆ
ਰਾਜਾ ਸ਼ਾਊਲ ਨੇ ਨਾਸਮਝੀ ਨਾਲ ਆਪਣੇ ਸਿਪਾਹੀਆਂ ਨੂੰ ਸੌਂਹ ਚੁਕਾਈ ਕਿ ਜੇ ਕਿਸੇ ਨੇ ਜੰਗ ਜਿੱਤਣ ਤੋਂ ਪਹਿਲਾਂ ਕੁਝ ਖਾਧਾ, ਤਾਂ ਉਹ ਸਰਾਪਿਆ ਜਾਵੇਗਾ। ਪਰ ਯੋਨਾਥਾਨ ਨੂੰ ਇਸ ਗੱਲ ਦਾ ਪਤਾ ਨਹੀਂ ਸੀ। ਯੋਨਾਥਾਨ ਨੇ ਆਪਣੀ ਸੋਟੀ ਨਾਲ ਛੱਤੇ ਵਿੱਚੋਂ ਥੋੜ੍ਹਾ ਜਿਹਾ ਸ਼ਹਿਦ ਲੈ ਕੇ ਖਾ ਲਿਆ। ਜ਼ਾਹਰ ਹੈ ਕਿ ਇਸ ਨਾਲ ਯੋਨਾਥਾਨ ਨੂੰ ਲੜਾਈ ਖ਼ਤਮ ਹੋਣ ਤਕ ਤਾਕਤ ਮਿਲੀ।—1 ਸਮੂਏਲ 14:24-27.
ਜਦ ਸ਼ਾਊਲ ਨੂੰ ਪਤਾ ਲੱਗਾ ਕਿ ਯੋਨਾਥਾਨ ਨੇ ਸ਼ਹਿਦ ਖਾਧਾ, ਤਾਂ ਉਸ ਨੇ ਕਿਹਾ ਕਿ ਯੋਨਾਥਾਨ ਨੂੰ ਮਰਨਾ ਪਵੇਗਾ। ਯੋਨਾਥਾਨ ਮਰਨ ਤੋਂ ਨਹੀਂ ਡਰਦਾ ਸੀ। ਉਸ ਨੇ ਕਿਹਾ: ‘ਵੇਖੋ, ਮੈਨੂੰ ਹੁਣ ਮਰਨਾ ਪਏਗਾ।’ “ਤਦ ਲੋਕਾਂ ਨੇ ਸ਼ਾਊਲ ਨੂੰ ਆਖਿਆ, ਭਲਾ, ਯੋਨਾਥਾਨ ਮਰ ਜਾਊ ਜਿਸ ਨੇ ਇਸਰਾਏਲ ਦੇ ਲਈ ਅਜਿਹਾ ਵੱਡਾ ਛੁਟਕਾਰਾ ਕੀਤਾ ਹੈ? ਪਰਮੇਸ਼ੁਰ ਨਾ ਕਰੇ! ਜੀਉਂਦੇ ਪਰਮੇਸ਼ੁਰ ਦੀ ਸੌਂਹ, ਉਹ ਦਾ ਇੱਕ ਵਾਲ ਵੀ ਧਰਤੀ ਉੱਤੇ ਨਾ ਡਿੱਗੇਗਾ ਕਿਉਂ ਜੋ ਉਹ ਨੇ ਅੱਜ ਪਰਮੇਸ਼ੁਰ ਦੇ ਨਾਲ ਕੰਮ ਕੀਤਾ ਹੈ। ਸੋ ਲੋਕਾਂ ਨੇ ਯੋਨਾਥਾਨ ਨੂੰ ਬਚਾਇਆ ਜੋ ਉਹ ਮਾਰਿਆ ਨਾ ਗਿਆ।”—1 ਸਮੂਏਲ 14:38-45.
ਅੱਜ ਯਹੋਵਾਹ ਦੇ ਸੇਵਕ ਸੱਚ-ਮੁੱਚ ਦੇ ਯੁੱਧਾਂ ਵਿਚ ਤਾਂ ਨਹੀਂ ਲੜਦੇ, ਪਰ ਕਈ ਵਾਰ ਉਨ੍ਹਾਂ ਦੀਆਂ ਜ਼ਿੰਦਗੀਆਂ ਵਿਚ ਅਜਿਹੇ ਪਲ ਆਉਂਦੇ ਹਨ ਜਦ ਉਨ੍ਹਾਂ ਨੂੰ ਨਿਹਚਾ ਅਤੇ ਦਲੇਰੀ ਦੀ ਲੋੜ ਹੁੰਦੀ ਹੈ। ਸਹੀ ਕੰਮ ਕਰਨੇ ਉਦੋਂ ਮੁਸ਼ਕਲ ਹੁੰਦੇ ਹਨ ਜਦ ਤੁਹਾਡੇ ਆਲੇ-ਦੁਆਲੇ ਰਹਿੰਦੇ ਸਾਰੇ ਲੋਕ ਗ਼ਲਤ ਕੰਮ ਕਰਦੇ ਹੋਣ। ਪਰ ਜੇ ਤੁਸੀਂ ਯਹੋਵਾਹ ਦੇ ਧਰਮੀ ਮਿਆਰਾਂ ਉੱਤੇ ਚੱਲਣ ਦੀ ਕੋਸ਼ਿਸ਼ ਕਰੋਗੇ, ਤਾਂ ਉਹ ਤੁਹਾਡੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਕਰੇਗਾ ਤੇ ਤੁਹਾਨੂੰ ਤਾਕਤ ਦੇਵੇਗਾ। ਤੁਹਾਨੂੰ ਯਹੋਵਾਹ ਦੇ ਸੰਗਠਨ ਵਿਚ ਕੁਝ ਜ਼ਿੰਮੇਵਾਰੀਆਂ ਸੰਭਾਲਣ ਲਈ ਦਲੇਰ ਹੋਣ ਦੀ ਲੋੜ ਪੈ ਸਕਦੀ ਹੈ, ਜਿਵੇਂ ਸੇਵਕਾਈ ਵਿਚ ਹੋਰ ਵਧ-ਚੜ੍ਹ ਕੇ ਹਿੱਸਾ ਲੈਣਾ, ਨਵੀਆਂ ਜ਼ਿੰਮੇਵਾਰੀਆਂ ਕਬੂਲ ਕਰਨੀਆਂ ਜਾਂ ਉਨ੍ਹਾਂ ਥਾਵਾਂ ਤੇ ਜਾ ਕੇ ਪ੍ਰਚਾਰ ਕਰਨਾ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਤੁਸੀਂ ਸ਼ਾਇਦ ਸੋਚੋ ਕਿ ਪਤਾ ਨਹੀਂ ਤੁਸੀਂ ਇਸ ਜ਼ਿੰਮੇਵਾਰੀ ਨੂੰ ਪੂਰੀ ਕਰ ਪਾਓਗੇ ਜਾਂ ਨਹੀਂ। ਪਰ ਤੁਸੀਂ ਯਕੀਨ ਕਰ ਸਕਦੇ ਹੋ ਕਿ ਜੇ ਤੁਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਪੇਸ਼ ਕਰਦੇ ਹੋ ਤਾਂਕਿ ਯਹੋਵਾਹ ਤੁਹਾਨੂੰ ਆਪਣੇ ਤਰੀਕੇ ਨਾਲ ਵਰਤ ਸਕੇ, ਤਾਂ ਤੁਸੀਂ ਬਹੁਤ ਹੀ ਚੰਗਾ ਕੰਮ ਕਰ ਰਹੇ ਹੋ। ਯੋਨਾਥਾਨ ਨੂੰ ਯਾਦ ਰੱਖੋ! ‘ਉਹ ਨੇ ਪਰਮੇਸ਼ੁਰ ਦੇ ਨਾਲ ਕੰਮ ਕੀਤਾ ਸੀ।’
ਯੋਨਾਥਾਨ ਤੇ ਦਾਊਦ
ਕੁਝ 20 ਸਾਲਾਂ ਬਾਅਦ ਫਲਿਸਤੀ ਜੋਧੇ ਗੋਲਿਅਥ ਨੇ ਇਸਰਾਏਲੀ ਫ਼ੌਜ ਨੂੰ ਤਾਅਨੇ ਮਾਰੇ, ਪਰ ਦਾਊਦ ਨੇ ਉਸ ਨੂੰ ਮਾਰ ਸੁੱਟਿਆ। ਭਾਵੇਂ ਯੋਨਾਥਾਨ ਦਾਊਦ ਤੋਂ 30 ਸਾਲ ਵੱਡਾ ਸੀ, ਪਰ ਫਿਰ ਵੀ ਉਨ੍ਹਾਂ ਵਿਚ ਕਈ ਗੱਲਾਂ ਮਿਲਦੀਆਂ-ਜੁਲਦੀਆਂ ਸਨ। * ਯੋਨਾਥਾਨ ਨੇ ਮਿਕਮਾਸ਼ ਵਿਚ ਜੋ ਦਲੇਰੀ ਦਿਖਾਈ ਸੀ, ਉਸੇ ਤਰ੍ਹਾਂ ਦਾਊਦ ਵੀ ਦਲੇਰ ਸੀ। ਦਾਊਦ ਨੂੰ ਵੀ ਯਹੋਵਾਹ ਦੀ ਤਾਕਤ ਤੇ ਭਰੋਸਾ ਸੀ ਜਿਸ ਕਰਕੇ ਉਹ ਨਿਡਰਤਾ ਨਾਲ ਗੋਲਿਅਥ ਦਾ ਸਾਮ੍ਹਣਾ ਕਰ ਸਕਿਆ ਜਦ ਕਿ ਦੂਸਰੇ ਸਾਰੇ ਇਸਰਾਏਲੀ ਗੋਲਿਅਥ ਦਾ ਸਾਮ੍ਹਣਾ ਕਰਨ ਤੋਂ ਪਿੱਛੇ ਹਟ ਗਏ ਸਨ। ਇਸੇ ਕਰਕੇ “ਯੋਨਾਥਾਨ ਦਾ ਜੀਅ ਦਾਊਦ ਦੇ ਜੀਅ ਨਾਲ ਰਲ ਗਿਆ ਅਤੇ ਯੋਨਾਥਾਨ ਨੇ ਉਹ ਨੂੰ ਆਪਣਾ ਜਾਨੀ ਮਿੱਤਰ ਬਣਾਇਆ।”—1 ਸਮੂਏਲ 17:1–18:4.
ਹਾਲਾਂਕਿ ਦਾਊਦ ਦੀ ਯੁੱਧ-ਕਲਾ ਕਰਕੇ ਰਾਜਾ ਸ਼ਾਊਲ ਨੇ ਉਸ ਨੂੰ ਆਪਣਾ ਦੁਸ਼ਮਣ ਸਮਝਿਆ, ਪਰ ਯੋਨਾਥਾਨ ਨੇ ਦਾਊਦ ਨਾਲ ਜ਼ਰਾ ਵੀ ਈਰਖਾ ਨਹੀਂ ਸੀ ਕੀਤੀ। ਉਹ ਅਤੇ ਦਾਊਦ ਪੱਕੇ ਦੋਸਤ ਸਨ। ਇਸ ਲਈ ਯੋਨਾਥਾਨ ਨੂੰ ਦਾਊਦ ਨੇ ਜ਼ਰੂਰ ਦੱਸਿਆ ਹੋਣਾ ਕਿ ਉਸ ਨੂੰ ਇਸਰਾਏਲ ਦੇ ਅਗਲੇ ਰਾਜੇ ਵਜੋਂ ਚੁਣਿਆ ਗਿਆ ਸੀ। ਯੋਨਾਥਾਨ ਨੇ ਪਰਮੇਸ਼ੁਰ ਦੇ ਇਸ ਫ਼ੈਸਲੇ ਨੂੰ ਕਬੂਲ ਕੀਤਾ।
ਜਦ ਸ਼ਾਊਲ ਨੇ ਦਾਊਦ ਨੂੰ ਮਾਰਨ ਬਾਰੇ ਆਪਣੇ ਪੁੱਤਰ ਅਤੇ ਟਹਿਲੂਆਂ ਨੂੰ ਦੱਸਿਆ, ਤਾਂ ਯੋਨਾਥਾਨ ਨੇ ਦਾਊਦ ਨੂੰ ਸਾਵਧਾਨ ਕੀਤਾ। ਉਸ ਨੇ ਸ਼ਾਊਲ ਨੂੰ ਭਰੋਸਾ ਦਿਵਾਇਆ ਕਿ ਦਾਊਦ ਤੋਂ ਉਸ ਨੂੰ ਡਰਨ ਦੀ ਕੋਈ ਲੋੜ ਨਹੀਂ ਸੀ। ਦਾਊਦ ਨੇ ਭਲਾ ਰਾਜੇ ਖ਼ਿਲਾਫ਼ ਕਿਹੜਾ ਕੋਈ ਪਾਪ ਕੀਤਾ ਸੀ! ਕੀ ਦਾਊਦ ਨੇ ਗੋਲਿਅਥ ਦਾ ਸਾਮ੍ਹਣਾ ਕਰ ਕੇ ਆਪਣੀ ਜਾਨ ਖ਼ਤਰੇ ਵਿਚ ਨਹੀਂ ਪਾ ਲਈ ਸੀ? ਯੋਨਾਥਾਨ ਨੇ ਆਪਣੇ ਪਿਤਾ ਸ਼ਾਊਲ ਨੂੰ ਦਲੀਲਾਂ ਦੇ-ਦੇ ਕੇ ਸਮਝਾਇਆ ਕਿ ਸ਼ਾਊਲ ਨੇ ਦਾਊਦ ਨੂੰ ਗ਼ਲਤ ਸਮਝਿਆ ਸੀ ਜਿਸ ਕਰਕੇ ਸ਼ਾਊਲ ਸ਼ਾਂਤ ਹੋ ਗਿਆ। ਪਰ ਜਲਦੀ ਹੀ ਸ਼ਾਊਲ ਨੇ ਫਿਰ ਤੋਂ ਦਾਊਦ ਨੂੰ ਮਾਰਨ ਦੀ ਸਕੀਮ ਘੜੀ ਅਤੇ ਉਸ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਿਸ ਕਰਕੇ ਦਾਊਦ ਨੂੰ ਜ਼ਬਰਨ ਭੱਜਣਾ ਪਿਆ।—ਯੋਨਾਥਾਨ ਨੇ ਦਾਊਦ ਦਾ ਸਾਥ ਦਿੱਤਾ। ਦੋਵੇਂ ਦੋਸਤ ਕੋਈ ਸਕੀਮ ਬਣਾਉਣ ਲਈ ਮਿਲੇ ਕਿ ਕੀ ਕੀਤਾ ਜਾਵੇ। ਆਪਣੇ ਦੋਸਤ ਦਾ ਵਫ਼ਾਦਾਰ ਹੋਣ ਕਰਕੇ ਅਤੇ ਆਪਣੇ ਪਿਤਾ ਨਾਲ ਵਫ਼ਾਦਾਰੀ ਨਿਭਾਉਣ ਦੀ ਕੋਸ਼ਿਸ਼ ਕਰਦਿਆਂ ਯੋਨਾਥਾਨ ਨੇ ਦਾਊਦ ਨੂੰ ਕਿਹਾ ਕਿ ਇੱਦਾਂ ਹੋ ਹੀ ਨਹੀਂ ਸਕਦਾ ਕਿ ‘ਤੂੰ ਮਾਰਿਆ ਜਾਵੇਂ।’ ਪਰ ਦਾਊਦ ਨੇ ਯੋਨਾਥਾਨ ਨੂੰ ਕਿਹਾ: “ਮੇਰੇ ਅਤੇ ਮੌਤ ਦੇ ਵਿੱਚ ਨਿਰੀ ਇੱਕ ਹੀ ਕਦਮ ਦੀ ਵਿੱਥ ਹੈ।”—1 ਸਮੂਏਲ 20:1-3.
ਯੋਨਾਥਾਨ ਅਤੇ ਦਾਊਦ ਨੇ ਸ਼ਾਊਲ ਦੇ ਇਰਾਦਿਆਂ ਨੂੰ ਪਰਖਣ ਲਈ ਇਕ ਸਕੀਮ ਬਣਾਈ। ਜੇ ਸ਼ਾਊਲ ਨੇ ਧਿਆਨ ਦਿੱਤਾ ਕਿ ਦਾਊਦ ਖਾਣਾ ਖਾਣ ਨਹੀਂ ਆਇਆ, ਤਾਂ ਯੋਨਾਥਾਨ ਨੇ ਕਹਿਣਾ ਸੀ ਕਿ ਦਾਊਦ ਦਾ ਪੂਰਾ ਪਰਿਵਾਰ ਬਲੀ ਚੜ੍ਹਾ ਰਿਹਾ ਸੀ ਜਿਸ ਵਿਚ ਹਿੱਸਾ ਲੈਣ ਲਈ ਦਾਊਦ ਉਸ ਤੋਂ ਛੁੱਟੀ ਲੈ ਕੇ ਚਲਾ ਗਿਆ। ਜੇ ਸ਼ਾਊਲ ਗੁੱਸੇ ਵਿਚ ਭੜਕ ਉੱਠਿਆ, ਤਾਂ ਇਸ ਦਾ ਮਤਲਬ ਹੋਣਾ ਸੀ ਕਿ ਦਾਊਦ ਪ੍ਰਤੀ ਸ਼ਾਊਲ ਦੇ ਇਰਾਦੇ ਸਹੀ ਨਹੀਂ ਸਨ। ਯੋਨਾਥਾਨ ਨੇ ਉਸ ਨੂੰ ਅਸੀਸ ਦਿੱਤੀ ਅਤੇ ਭਵਿੱਖ ਵਿਚ ਦਾਊਦ ਦੇ ਪਾਤਸ਼ਾਹ ਬਣਨ ਦੀ ਗੱਲ ਜਾਣਦੇ ਹੋਏ ਉਸ ਨੂੰ ਕਿਹਾ: “ਯਹੋਵਾਹ ਤੇਰੇ ਨਾਲ ਹੋਵੇ ਜਿੱਕੁਰ ਮੇਰੇ ਪਿਉ ਦੇ ਨਾਲ ਸੀ।” ਦੋਵਾਂ ਨੇ ਇਕ-ਦੂਜੇ ਨਾਲ ਵਫ਼ਾਦਾਰੀ ਨਿਭਾਉਣ ਦੀ ਸੌਂਹ ਖਾਧੀ ਅਤੇ ਆਪਸ ਵਿਚ ਸਲਾਹ ਕੀਤੀ ਕਿ ਯੋਨਾਥਾਨ ਦਾਊਦ ਨੂੰ ਕਿਵੇਂ ਦੱਸੇਗਾ ਕਿ ਸ਼ਾਊਲ ਉਸ ਨੂੰ ਮਾਰਨਾ ਚਾਹੁੰਦਾ ਸੀ ਜਾਂ ਨਹੀਂ।—1 ਸਮੂਏਲ 20:5-24.
ਜਦ ਸ਼ਾਊਲ ਨੇ ਪੁੱਛਿਆ ਕਿ ਦਾਊਦ ਖਾਣੇ ਤੇ ਕਿਉਂ ਨਹੀਂ ਆਇਆ, ਤਾਂ ਯੋਨਾਥਾਨ ਨੇ ਕਿਹਾ ਕਿ ਦਾਊਦ ਨੇ ਉਸ ਅੱਗੇ ਤਰਲੇ ਕੀਤੇ ਸਨ: “ਜੇ ਕਦੀ ਮੈਂ ਤੁਹਾਡੇ ਵੇਖਣ ਵਿੱਚ ਕਿਰਪਾ ਜੋਗ ਹਾਂ ਤਾਂ ਮੈਨੂੰ ਛੁੱਟੀ ਦੇਹੋ ਭਈ ਮੈਂ ਆਪਣਿਆਂ ਭਰਾਵਾਂ ਨੂੰ ਜਾ ਮਿਲਾਂ।” ਯੋਨਾਥਾਨ ਇਹ ਕਹਿਣ ਤੋਂ ਡਰਿਆ ਨਹੀਂ ਸੀ ਕਿ ਉਸ ਦੀ ਕਿਰਪਾ ਦਾਊਦ ਤੇ ਸੀ। ਸ਼ਾਊਲ ਗੁੱਸੇ ਨਾਲ ਲੋਹਾ-ਲਾਖਾ ਹੋ ਗਿਆ। ਉਸ ਨੇ ਯੋਨਾਥਾਨ ਦੀ ਬੇਇੱਜ਼ਤੀ ਕੀਤੀ ਅਤੇ ਜ਼ੋਰ-ਜ਼ੋਰ ਦੀ ਚਿਲਾਇਆ ਕਿ ਦਾਊਦ ਉਸ ਦੇ ਪੁੱਤਰ ਦੀ ਤਾਜਪੋਸ਼ੀ ਲਈ ਖ਼ਤਰਾ ਸੀ। ਸ਼ਾਊਲ ਨੇ ਯੋਨਾਥਾਨ ਨੂੰ ਕਿਹਾ ਕਿ ਉਹ ਦਾਊਦ ਨੂੰ ਉਸ ਕੋਲ ਲਿਆਵੇ ਤਾਂਕਿ ਉਸ ਨੂੰ ਮਾਰਿਆ ਜਾਵੇ। ਯੋਨਾਥਾਨ ਨੇ ਮੋੜਵਾਂ ਜਵਾਬ ਦਿੱਤਾ: “ਉਹ ਕਿਉਂ ਮਾਰਿਆ ਜਾਵੇ? ਉਸ ਨੇ ਕੀ ਕੀਤਾ ਹੈ?” ਗੁੱਸੇ ਵਿਚ ਪਾਗਲ ਸ਼ਾਊਲ ਨੇ ਆਪਣੇ ਪੁੱਤਰ ਨੂੰ ਮਾਰਨ ਦੇ ਇਰਾਦੇ ਨਾਲ ਉਸ ਵੱਲ ਬਰਛਾ ਸੁੱਟਿਆ। ਯੋਨਾਥਾਨ ਬਿਨਾਂ ਕਿਸੇ ਨੁਕਸਾਨ ਦੇ ਬਚ ਗਿਆ, ਪਰ ਉਹ ਦਾਊਦ ਬਾਰੇ ਸੋਚ ਕੇ ਬਹੁਤ ਦੁਖੀ ਸੀ।—1 ਸਮੂਏਲ 20:25-34.
ਯੋਨਾਥਾਨ ਨੇ ਵਾਕਈ ਦਾਊਦ ਨਾਲ ਵਫ਼ਾਦਾਰੀ ਨਿਭਾਈ! ਇਨਸਾਨੀ ਨਜ਼ਰੀਏ ਤੋਂ ਦੇਖਿਆ ਜਾਵੇ, ਤਾਂ ਦਾਊਦ ਨਾਲ ਦੋਸਤੀ ਕਰ ਕੇ ਯੋਨਾਥਾਨ ਨੂੰ ਫ਼ਾਇਦੇ ਨਾਲੋਂ ਜ਼ਿਆਦਾ ਨੁਕਸਾਨ ਹੀ ਹੋਇਆ ਸੀ। ਪਰ ਯਹੋਵਾਹ ਨੇ ਸ਼ਾਊਲ ਤੋਂ ਬਾਅਦ ਦਾਊਦ ਨੂੰ ਰਾਜਾ ਚੁਣਿਆ ਸੀ ਤੇ ਯਹੋਵਾਹ ਦੇ ਇਸ ਮਕਸਦ ਨੂੰ ਕਬੂਲ ਕਰਨ ਵਿਚ ਯੋਨਾਥਾਨ ਤੇ ਹੋਰਨਾਂ ਦੀ ਭਲਾਈ ਸੀ।
ਹੰਝੂਆਂ ਨਾਲ ਇਕ-ਦੂਜੇ ਤੋਂ ਵਿਦਾਈ
ਯੋਨਾਥਾਨ ਦਾਊਦ ਨੂੰ ਖ਼ਬਰ ਦੇਣ ਲਈ ਗੁਪਤ ਵਿਚ ਮਿਲਿਆ। ਇਹ ਸਪੱਸ਼ਟ ਹੋ ਚੁੱਕਾ ਸੀ ਕਿ ਦਾਊਦ ਹੁਣ ਕਦੇ ਵੀ ਸ਼ਾਊਲ ਦੇ ਦਰਬਾਰ ਵਿਚ ਪੈਰ ਨਹੀਂ ਸੀ ਰੱਖ ਸਕਦਾ। ਯੋਨਾਥਾਨ ਤੇ ਦਾਊਦ ਇਕ-ਦੂਜੇ ਨੂੰ ਜੱਫੀ ਪਾ ਕੇ ਖੂਬ ਰੋਏ। ਫਿਰ ਦਾਊਦ ਕਿਤੇ ਜਾ ਕੇ ਲੁਕ ਗਿਆ।—1 ਸਮੂਏਲ 20:35-42.
ਯੋਨਾਥਾਨ ਦਾਊਦ ਨੂੰ ਇਕ ਵਾਰ ਫਿਰ ਮਿਲਿਆ ਜਦ ਦਾਊਦ “ਜ਼ੀਫ ਦੀ ਉਜਾੜ ਦੇ ਇੱਕ ਬਣ ਵਿੱਚ” ਲੁਕਿਆ ਹੋਇਆ ਸੀ। ਉਸ ਵੇਲੇ ਯੋਨਾਥਾਨ ਨੇ ਦਾਊਦ ਨੂੰ ਇਹ ਕਹਿੰਦਿਆਂ ਹੌਸਲਾ ਦਿੱਤਾ: “ਤੂੰ ਡਰ ਨਹੀਂ ਕਿਉਂ ਜੋ ਮੇਰੇ ਪਿਉ ਸ਼ਾਊਲ ਦਾ ਹੱਥ ਤੇਰੇ ਕੋਲ ਨਾ ਅੱਪੜੇਗਾ ਅਤੇ ਤੂੰ ਇਸਰਾਏਲ ਦਾ ਪਾਤਸ਼ਾਹ ਹੋਵੇਂਗਾ ਅਤੇ ਮੈਂ ਤੈਥੋਂ ਦੂਜੇ ਦਰਜੇ ਤੇ ਹੋਵਾਂਗਾ ਅਤੇ ਇਹ ਗੱਲ ਮੇਰਾ ਪਿਉ ਸ਼ਾਊਲ ਵੀ ਜਾਣਦਾ ਹੈ।” (1 ਸਮੂਏਲ 23:15-18) ਇਸ ਤੋਂ ਕੁਝ ਚਿਰ ਬਾਅਦ ਯੋਨਾਥਾਨ ਅਤੇ ਸ਼ਾਊਲ ਫਲਿਸਤੀਆਂ ਨਾਲ ਲੜਦਿਆਂ ਮਾਰੇ ਗਏ।—1 ਸਮੂਏਲ 31:1-4.
ਪਰਮੇਸ਼ੁਰ ਨੂੰ ਪਿਆਰ ਕਰਨ ਵਾਲਿਆਂ ਲਈ ਯੋਨਾਥਾਨ ਦੀ ਜ਼ਿੰਦਗੀ ਤੇ ਸੋਚ-ਵਿਚਾਰ ਕਰਨਾ ਚੰਗੀ ਗੱਲ ਹੋਵੇਗੀ। ਤੁਸੀਂ ਕਿਸ ਪ੍ਰਤੀ ਵਫ਼ਾਦਾਰ ਰਹਿਣ ਲਈ ਜੱਦੋ-ਜਹਿਦ ਕਰ ਰਹੇ ਹੋ? ਯਾਦ ਕਰੋ ਕਿ ਸ਼ਾਊਲ ਨੇ ਯੋਨਾਥਾਨ ਨੂੰ ਆਪਣੇ ਬਾਰੇ ਸੋਚਣ ਲਈ ਕਿਹਾ ਸੀ। ਪਰ ਯੋਨਾਥਾਨ ਨੇ ਯਹੋਵਾਹ ਦੇ ਅਧੀਨ ਰਹਿ ਕੇ ਅਤੇ ਉਸ ਪ੍ਰਤੀ ਸ਼ਰਧਾ ਰੱਖ ਕੇ ਉਸ ਦਾ ਆਦਰ ਕੀਤਾ। ਉਹ ਖ਼ੁਸ਼ ਸੀ ਕਿ ਪਰਮੇਸ਼ੁਰ ਦਾ ਚੁਣਿਆ ਬੰਦਾ ਇਸਰਾਏਲ ਦਾ ਅਗਲਾ ਰਾਜਾ ਬਣੇਗਾ। ਜੀ ਹਾਂ, ਯੋਨਾਥਾਨ ਨੇ ਦਾਊਦ ਦਾ ਸਾਥ ਦਿੱਤਾ ਅਤੇ ਉਹ ਯਹੋਵਾਹ ਦਾ ਵਫ਼ਾਦਾਰ ਸੀ।
ਯੋਨਾਥਾਨ ਵਿਚ ਬਹੁਤ ਚੰਗੇ ਗੁਣ ਸਨ। ਉਨ੍ਹਾਂ ਗੁਣਾਂ ਨੂੰ ਅਪਣਾਓ! ਫਿਰ ਤੁਹਾਡੇ ਬਾਰੇ ਵੀ ਕਿਹਾ ਜਾਵੇਗਾ ਜਿਵੇਂ ਯੋਨਾਥਾਨ ਬਾਰੇ ਕਿਹਾ ਗਿਆ ਸੀ: ‘ਉਹ ਨੇ ਪਰਮੇਸ਼ੁਰ ਦੇ ਨਾਲ ਕੰਮ ਕੀਤਾ।’—1 ਸਮੂਏਲ 14:45.
[ਫੁਟਨੋਟ]
^ ਪੈਰਾ 18 ਸ਼ਾਊਲ ਦੇ 40-ਸਾਲਾਂ ਰਾਜ ਦੇ ਸ਼ੁਰੂ ਵਿਚ ਯੋਨਾਥਾਨ 20 ਕੁ ਸਾਲ ਦਾ ਸੀ ਜਦ ਸੈਨਾਪਤੀ ਵਜੋਂ ਪਹਿਲੀ ਵਾਰ ਉਸ ਦਾ ਜ਼ਿਕਰ ਕੀਤਾ ਗਿਆ ਸੀ। (ਗਿਣਤੀ 1:3; 1 ਸਮੂਏਲ 13:2) ਸੋ ਯੋਨਾਥਾਨ 60 ਕੁ ਸਾਲ ਦਾ ਸੀ ਜਦ 1078 ਈ. ਪੂ. ਵਿਚ ਉਸ ਦੀ ਮੌਤ ਹੋਈ। ਦਾਊਦ ਉਸ ਵੇਲੇ 30 ਸਾਲ ਦਾ ਸੀ। ਇਸ ਤੋਂ ਸਪੱਸ਼ਟ ਹੈ ਕਿ ਯੋਨਾਥਾਨ ਦਾਊਦ ਨਾਲੋਂ 30 ਸਾਲ ਵੱਡਾ ਸੀ।—1 ਸਮੂਏਲ 31:2; 2 ਸਮੂਏਲ 5:4.
[ਸਫ਼ਾ 19 ਉੱਤੇ ਤਸਵੀਰ]
ਯੋਨਾਥਾਨ ਦੇ ਦਿਲ ਵਿਚ ਦਾਊਦ ਲਈ ਕੋਈ ਈਰਖਾ ਨਹੀਂ ਸੀ