ਕੀ ਤੁਸੀਂ ਬਾਈਬਲ ਸਟੱਡੀ ਲਈ ਸਮਾਂ ਮਿੱਥਿਆ ਹੈ?
ਕੀ ਤੁਸੀਂ ਬਾਈਬਲ ਸਟੱਡੀ ਲਈ ਸਮਾਂ ਮਿੱਥਿਆ ਹੈ?
ਪਿਛਲੇ ਸਾਲ ਪ੍ਰਬੰਧਕ ਸਭਾ ਨੇ ਕਲੀਸਿਯਾ ਦੀਆਂ ਮੀਟਿੰਗਾਂ ਦੇ ਪ੍ਰੋਗ੍ਰਾਮ ਵਿਚ ਇਕ ਤਬਦੀਲੀ ਦਾ ਐਲਾਨ ਕੀਤਾ ਸੀ ਜਿਸ ਕਾਰਨ ਪਰਿਵਾਰ ਦੇ ਤੌਰ ਤੇ ਬਾਈਬਲ ਸਟੱਡੀ ਅਤੇ ਚਰਚਾ ਕਰਨ ਲਈ ਸਾਨੂੰ ਹੋਰ ਸਮਾਂ ਮਿਲੇਗਾ। ਜੇ ਤੁਸੀਂ ਪਰਿਵਾਰ ਦੇ ਮੁਖੀ ਹੋ, ਤਾਂ ਤੁਹਾਨੂੰ ਪੱਕਾ ਕਰਨ ਦੀ ਲੋੜ ਹੈ ਕਿ ਤੁਸੀਂ ਬਾਕਾਇਦਾ ਆਪਣੀ ਪਤਨੀ ਤੇ ਬੱਚਿਆਂ ਨਾਲ ਪਰਿਵਾਰਕ ਬਾਈਬਲ ਸਟੱਡੀ ਕਰੋਗੇ। ਜਿਨ੍ਹਾਂ ਵਿਆਹੁਤਾ ਜੋੜਿਆਂ ਦੇ ਬੱਚੇ ਨਹੀਂ ਹਨ, ਉਹ ਇਸ ਸਮੇਂ ਤੇ ਇਕੱਠੇ ਬਾਈਬਲ ਸਟੱਡੀ ਕਰਨੀ ਚਾਹੁਣਗੇ। ਕੁਆਰੇ ਭੈਣ-ਭਰਾ, ਜਿਨ੍ਹਾਂ ਦੀ ਕੋਈ ਆਪਣੀ ਪਰਿਵਾਰਕ ਜ਼ਿੰਮੇਵਾਰੀ ਨਹੀਂ, ਉਹ ਵੀ ਇਸ ਸਮੇਂ ਤੇ ਨਿੱਜੀ ਬਾਈਬਲ ਸਟੱਡੀ ਕਰਨੀ ਚਾਹੁਣਗੇ।
ਪਰਿਵਾਰਕ ਬਾਈਬਲ ਸਟੱਡੀ ਦੇ ਪ੍ਰਬੰਧ ਲਈ ਕਈ ਭੈਣਾਂ-ਭਰਾਵਾਂ ਨੇ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕੀਤੀ ਹੈ। ਮਿਸਾਲ ਲਈ, ਕੈਵਿਨ ਨਾਂ ਦੇ ਬਜ਼ੁਰਗ ਨੇ ਲਿਖਿਆ: “ਸਿਰਫ਼ ‘ਸ਼ੁਕਰੀਆ’ ਕਹਿ ਕੇ ਅਸੀਂ ਬਿਆਨ ਨਹੀਂ ਕਰ ਸਕਦੇ ਕਿ ਕਲੀਸਿਯਾ ਵਿਚ ਅਸੀਂ ਸਾਰੇ ਕਿੱਦਾਂ ਮਹਿਸੂਸ ਕਰਦੇ ਹਾਂ। ਅਸੀਂ ਸਾਰੇ ਬਜ਼ੁਰਗ ਆਪਸ ਵਿਚ ਗੱਲ ਕਰ ਰਹੇ ਸਾਂ ਕਿ ਅਸੀਂ ਵਿਹਲੀ ਸ਼ਾਮ ਨੂੰ ਉਹੀ ਕਰਦੇ ਹਾਂ ਜੋ ਸਾਨੂੰ ਪ੍ਰਬੰਧਕ ਸਭਾ ਨੇ ਕਰਨ ਨੂੰ ਕਿਹਾ ਸੀ ਯਾਨੀ ਆਪਣੇ ਪਰਿਵਾਰਾਂ ਨਾਲ ਸਟੱਡੀ ਕਰਦੇ ਹਾਂ।”
ਜੋਡੀ, ਜਿਸ ਦਾ ਪਤੀ ਬਜ਼ੁਰਗ ਹੈ, ਨੇ ਲਿਖਿਆ: “ਸਾਡੀਆਂ ਤਿੰਨ ਕੁੜੀਆਂ ਹਨ ਜਿਨ੍ਹਾਂ ਦੀ ਉਮਰ 15, 11 ਤੇ 2 ਸਾਲ ਹੈ। ਅਸੀਂ ਹਾਲ ਹੀ ਵਿਚ ਇਕ ਸੈਨਤ ਭਾਸ਼ਾ ਦੀ ਕਲੀਸਿਯਾ ਵਿਚ ਜਾਣ ਲੱਗੇ ਹਾਂ। ਸਾਰੀਆਂ ਮੀਟਿੰਗਾਂ ਦੀ ਤਿਆਰੀ ਕਰਨ ਵਿਚ ਕਾਫ਼ੀ ਸਮਾਂ ਲੱਗ ਜਾਂਦਾ ਹੈ ਤੇ ਮਿਹਨਤ ਕਰਨੀ ਪੈਂਦੀ ਹੈ। ਪਰ ਸਟੱਡੀ ਵਾਸਤੇ ਵਾਧੂ ਦਿਨ ਮਿਲਣ ਕਰਕੇ ਅਸੀਂ ਹੁਣ ਪਰਿਵਾਰਕ ਸਟੱਡੀ ਕਰਨ ’ਤੇ ਧਿਆਨ ਦੇ ਸਕਦੇ ਹਾਂ।”
ਪਾਇਨੀਅਰਿੰਗ ਕਰ ਰਹੇ ਵਿਆਹੁਤਾ ਜੋੜੇ ਜੌਨ ਤੇ ਜੋਐਨ ਨੇ ਲਿਖਿਆ: “ਸਾਡੀ ਪਰਿਵਾਰਕ ਬਾਈਬਲ ਸਟੱਡੀ ਕਦੇ ਹੁੰਦੇ ਸੀ ਤੇ ਕਦੇ ਨਹੀਂ ਹੁੰਦੀ ਸੀ ਕਿਉਂਕਿ ਸਾਨੂੰ ਕਲੀਸਿਯਾ ਦੇ ਬਾਕੀ ਕੰਮਾਂ ਵਿਚ ਇਸ ਨੂੰ ਫਿੱਟ ਕਰਨਾ ਪੈਂਦਾ ਸੀ। ਇਹ ਨਵਾਂ ਪ੍ਰਬੰਧ ਯਹੋਵਾਹ ਵੱਲੋਂ ਇਕ ਤੋਹਫ਼ਾ ਹੈ ਜੋ ਸਾਨੂੰ ਤਰੋਤਾਜ਼ਾ ਕਰਦਾ ਹੈ, ਪਰ ਤਾਂ ਹੀ ਜੇ ਅਸੀਂ ਸਮੇਂ ਨੂੰ ਉਸੇ ਤਰ੍ਹਾਂ ਵਰਤੀਏ ਜਿਵੇਂ ਸਾਨੂੰ ਕਰਨ ਲਈ ਕਿਹਾ ਗਿਆ ਹੈ।”
25 ਕੁ ਸਾਲਾਂ ਦੇ ਟੋਨੀ ਨਾਂ ਦੇ ਕੁਆਰੇ ਭਰਾ ਨੇ ਮੰਗਲਵਾਰ ਸ਼ਾਮ ਸਟੱਡੀ ਕਰਨ ਵਾਸਤੇ ਰੱਖੀ ਹੋਈ ਹੈ। ਉਹ ਹਫ਼ਤੇ ਦੇ ਦੂਸਰੇ ਦਿਨਾਂ ਤੇ ਕਲੀਸਿਯਾ ਦੀਆਂ ਮੀਟਿੰਗਾਂ ਵਾਸਤੇ ਤਿਆਰੀ ਕਰਦਾ ਹੈ। ਪਰ ਟੋਨੀ ਕਹਿੰਦਾ ਹੈ: “ਮੈਂ ਬੇਸਬਰੀ ਨਾਲ ਮੰਗਲਵਾਰ ਸ਼ਾਮ ਦੀ ਉਡੀਕ ਕਰਦਾ ਹਾਂ।” ਕਿਉਂ? “ਇਹ ਖ਼ਾਸ ਸ਼ਾਮ ਮੈਂ ਯਹੋਵਾਹ ਨਾਲ ਬਿਤਾਉਣ ਲਈ ਰੱਖੀ ਹੈ।” ਟੋਨੀ ਅੱਗੇ ਦੱਸਦਾ ਹੈ: “ਤਕਰੀਬਨ ਦੋ ਘੰਟਿਆਂ ਤਾਈਂ ਮੈਂ ਉਨ੍ਹਾਂ ਵਿਸ਼ਿਆਂ ਦੀ ਸਟੱਡੀ ਕਰਦਾ ਹਾਂ ਜਿਨ੍ਹਾਂ ਕਾਰਨ ਯਹੋਵਾਹ ਨਾਲ ਮੇਰਾ ਰਿਸ਼ਤਾ ਹੋਰ ਵੀ ਮਜ਼ਬੂਤ ਹੁੰਦਾ ਹੈ। ਸਟੱਡੀ ਲਈ ਹੋਰ ਸਮਾਂ ਮਿਲਣ ਕਰਕੇ ਮੈਂ ਬਾਈਬਲ ਦੀਆਂ ਆਇਤਾਂ ਉੱਤੇ ਮਨਨ ਕਰਦਾ ਹਾਂ।” ਨਤੀਜਾ ਕੀ ਨਿਕਲਿਆ? “ਯਹੋਵਾਹ ਦੀ ਸਲਾਹ ਪਹਿਲਾਂ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਮੇਰੇ ਦਿਲ ਵਿਚ ਬੈਠ ਰਹੀ ਹੈ।” ਕੀ ਉਹ ਕੋਈ ਮਿਸਾਲ ਦੇ ਸਕਦਾ ਹੈ? “ਮੈਂ ਇਨਸਾਈਟ ਕਿਤਾਬ ਵਿਚ ਦਾਊਦ ਅਤੇ ਯੋਨਾਥਾਨ ਦੀ ਦੋਸਤੀ ਬਾਰੇ ਪੜ੍ਹਿਆ। ਮੈਂ ਯੋਨਾਥਾਨ ਦੇ ਨਿਰਸੁਆਰਥ ਸੁਭਾਅ ਬਾਰੇ ਕਾਫ਼ੀ ਕੁਝ ਸਿੱਖਿਆ। ਉਸ ਦੀ ਮਿਸਾਲ ਤੋਂ ਮੈਂ ਸਿੱਖਿਆ ਕਿ ਸੱਚਾ ਦੋਸਤ ਹੋਣ ਦਾ ਕੀ ਮਤਲਬ ਹੈ। ਆਉਣ ਵਾਲੇ ਹਰ ਮੰਗਲਵਾਰ ਨੂੰ ਮੈਂ ਅਜਿਹੀਆਂ ਹੋਰ ਅਨਮੋਲ ਗੱਲਾਂ ਸਿੱਖਣ ਲਈ ਉਤਾਵਲਾ ਹਾਂ!”
ਬਿਨਾਂ ਸ਼ੱਕ, ਯਹੋਵਾਹ ਦੇ ਸਾਰੇ ਭਗਤ ਇਸ ਵਾਧੂ ਮਿਲੇ ਸਮੇਂ ’ਤੇ ਚੰਗੀ ਤਰ੍ਹਾਂ ਬਾਈਬਲ ਦੀ ਸਟੱਡੀ ਤੇ ਪਰਿਵਾਰਕ ਸਟੱਡੀ ਕਰ ਕੇ ਸਮੇਂ ਦਾ ਪੂਰਾ ਫ਼ਾਇਦਾ ਉਠਾਉਣਗੇ।