ਕੀ ਤੁਸੀਂ ਜਾਣਦੇ ਹੋ?
ਪ੍ਰਾਚੀਨ ਇਜ਼ਰਾਈਲ ਵਿਚ ਵਿਆਹ ਵੇਲੇ ਮੁੰਡੇ ਨੂੰ ਕੁੜੀ ਦੀ ਕੀਮਤ ਕਿਉਂ ਅਦਾ ਕਰਨੀ ਪੈਂਦੀ ਸੀ?
ਬਾਈਬਲ ਦੇ ਜ਼ਮਾਨੇ ਵਿਚ ਵਿਆਹ ਵੇਲੇ ਕੁੜੀ ਦੀ ਕੀਮਤ ਉਸ ਦੇ ਮਾਪਿਆਂ ਨੂੰ ਦਿੱਤੀ ਜਾਂਦੀ ਸੀ। ਇਹ ਕੀਮਤ ਚੀਜ਼ਾਂ, ਜਾਨਵਰ ਜਾਂ ਪੈਸੇ ਦੇ ਕੇ ਅਦਾ ਕੀਤੀ ਜਾਂਦੀ ਸੀ। ਕਈ ਵਾਰ ਇਹ ਕੀਮਤ ਮਜ਼ਦੂਰੀ ਕਰ ਕੇ ਵੀ ਅਦਾ ਕੀਤੀ ਜਾਂਦੀ ਸੀ, ਜਿਵੇਂ ਕਿ ਯਾਕੂਬ ਨੇ ਰਾਕੇਲ ਨਾਲ ਵਿਆਹ ਕਰਾਉਣ ਲਈ ਉਸ ਦੇ ਪਿਤਾ ਕੋਲ ਸੱਤ ਸਾਲ ਮਜ਼ਦੂਰੀ ਕੀਤੀ। (ਉਤ. 29:17, 18, 20) ਇਹ ਕੀਮਤ ਕਿਉਂ ਅਦਾ ਕੀਤੀ ਜਾਂਦੀ ਸੀ?
ਬਾਈਬਲ ਦੀ ਇਕ ਵਿਦਵਾਨ ਕੈਰਲ ਮਇਰਜ਼ ਕਹਿੰਦੀ ਹੈ: “ਵਿਆਹ ਤੋਂ ਪਹਿਲਾਂ ਕੁੜੀ ਆਪਣੇ ਮਾਪਿਆਂ ਦੇ ਘਰੇ ਬਹੁਤ ਸਾਰੇ ਕੰਮ ਕਰਦੀ ਸੀ। [ਖੇਤੀ-ਬਾੜੀ ਕਰਨ ਵਾਲੇ] ਪਰਿਵਾਰਾਂ ਵਿਚ ਕੁੜੀ ਜੋ ਵੀ ਮਦਦ ਕਰਦੀ ਸੀ, ਉਹ ਬਹੁਤ ਅਹਿਮੀਅਤ ਰੱਖਦੀ ਸੀ। ਪਰ ਵਿਆਹ ਤੋਂ ਬਾਅਦ ਉਹ ਆਪਣੇ ਮਾਪਿਆਂ ਲਈ ਇਹ ਸਾਰੇ ਕੰਮ ਨਹੀਂ ਕਰ ਸਕਦੀ ਸੀ। ਇਸ ਲਈ ਮੁੰਡੇ ਨੂੰ ਇਸ ਦੇ ਬਦਲੇ ਵਿਚ ਕੁੜੀ ਦੇ ਮਾਪਿਆਂ ਨੂੰ ਕੀਮਤ ਅਦਾ ਕਰਨੀ ਪੈਂਦੀ ਸੀ।” ਇਸ ਕਰਕੇ ਸ਼ਾਇਦ ਦੋਹਾਂ ਪਰਿਵਾਰਾਂ ਵਿਚ ਰਿਸ਼ਤਾ ਮਜ਼ਬੂਤ ਹੁੰਦਾ ਸੀ ਅਤੇ ਉਹ ਔਖੀਆਂ ਘੜੀਆਂ ਵਿਚ ਇਕ-ਦੂਜੇ ਦੀ ਮਦਦ ਕਰ ਸਕਦੇ ਸਨ। ਇਸ ਦੇ ਨਾਲ-ਨਾਲ ਕੁੜੀ ਦੀ ਕੀਮਤ ਅਦਾ ਕਰਨ ਨਾਲ ਇਹ ਗੱਲ ਪੱਕੀ ਹੋ ਜਾਂਦੀ ਸੀ ਕਿ ਕੁੜੀ ਦੀ ਮੰਗਣੀ ਹੋ ਚੁੱਕੀ ਸੀ ਅਤੇ ਇਸ ਤੋਂ ਬਾਅਦ ਕੁੜੀ ਦੀ ਦੇਖ-ਭਾਲ ਅਤੇ ਸੁਰੱਖਿਆ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਪਿਤਾ ਦੀ ਨਹੀਂ, ਸਗੋਂ ਉਸ ਦੇ ਪਤੀ ਦੀ ਹੁੰਦੀ ਸੀ।
ਵਿਆਹੀ ਜਾਣ ਵਾਲੀ ਕੁੜੀ ਦੀ ਕੀਮਤ ਅਦਾ ਕਰਨ ਦਾ ਇਹ ਮਤਲਬ ਨਹੀਂ ਸੀ ਕਿ ਕੁੜੀ ਕੋਈ ਚੀਜ਼ ਜਾਂ ਸਾਮਾਨ ਸੀ ਜਿਸ ਨੂੰ ਖ਼ਰੀਦਿਆ ਜਾਂ ਵੇਚਿਆ ਜਾ ਸਕਦਾ ਸੀ। ਇਕ ਕਿਤਾਬ ਪ੍ਰਾਚੀਨ ਇਜ਼ਰਾਈਲ—ਉੱਥੋਂ ਦੀ ਜ਼ਿੰਦਗੀ ਅਤੇ ਰੀਤੀ-ਰਿਵਾਜ (ਅੰਗ੍ਰੇਜ਼ੀ) ਕਹਿੰਦੀ ਹੈ: “ਕੁੜੀ ਦੀ ਕੀਮਤ ਅਦਾ ਕਰਨ ਲਈ ਪੈਸੇ ਜਾਂ ਇਸ ਦੇ ਬਰਾਬਰ ਦੀ ਕੋਈ ਹੋਰ ਚੀਜ਼ ਦਿੱਤੀ ਜਾਂਦੀ ਸੀ। ਇਸ ਰਸਮ ਤੋਂ ਲੋਕਾਂ ਨੂੰ ਲੱਗ ਸਕਦਾ ਹੈ ਕਿ ਇਜ਼ਰਾਈਲੀਆਂ ਵਿਚ ਕੁੜੀਆਂ ਨੂੰ ਵਿਆਹ ਲਈ ਖ਼ਰੀਦਿਆ ਜਾਂ ਵੇਚਿਆ ਜਾਂਦਾ ਸੀ। ਪਰ ਇਹ ਕੀਮਤ ਕੁੜੀਆਂ ਦੇ ਮਾਪਿਆਂ ਨੂੰ ਮੁਆਵਜ਼ੇ ਵਜੋਂ ਦਿੱਤੀ ਜਾਂਦੀ ਸੀ, ਨਾ ਕਿ ਇਹ ਉਨ੍ਹਾਂ ਕੁੜੀਆਂ ਦਾ ਮੁੱਲ ਹੁੰਦਾ ਸੀ।”
ਅੱਜ ਵੀ ਕੁਝ ਦੇਸ਼ਾਂ ਵਿਚ ਲੋਕ ਕੁੜੀ ਦੀ ਕੀਮਤ ਅਦਾ ਕਰਨ ਦੀ ਰਸਮ ਕਰਦੇ ਹਨ। ਮਸੀਹੀ ਮਾਪੇ “ਸਾਰਿਆਂ ਸਾਮ੍ਹਣੇ ਆਪਣੀ ਸਮਝਦਾਰੀ ਦਾ ਸਬੂਤ” ਦਿੰਦੇ ਹੋਏ ਕੁੜੀ ਦੀ ਹੱਦੋਂ ਵੱਧ ਕੀਮਤ ਨਹੀਂ ਲੈਣਗੇ। (ਫ਼ਿਲਿ. 4:5; 1 ਕੁਰਿੰ. 10:32, 33) ਇਸ ਤਰ੍ਹਾਂ ਉਹ ਦਿਖਾਉਂਦੇ ਹਨ ਕਿ ਉਹ “ਪੈਸੇ ਦੇ ਪ੍ਰੇਮੀ” ਨਹੀਂ ਹਨ। (2 ਤਿਮੋ. 3:2) ਜੇ ਮਸੀਹੀ ਮਾਪੇ ਕੁੜੀ ਦੀ ਹੱਦੋਂ ਵੱਧ ਕੀਮਤ ਲੈਣਗੇ, ਤਾਂ ਮੁੰਡੇ ਲਈ ਇਹ ਕੀਮਤ ਦੇਣੀ ਔਖੀ ਹੋ ਸਕਦੀ ਹੈ ਅਤੇ ਉਸ ਨੂੰ ਮਜਬੂਰੀ ਵਿਚ ਆਪਣੇ ਵਿਆਹ ਦੀ ਤਾਰੀਖ਼ ਅੱਗੇ ਪਾਉਣੀ ਪੈ ਸਕਦੀ ਹੈ। ਜਾਂ ਇਸ ਕਰਕੇ ਮੁੰਡੇ ਨੂੰ ਪੈਸੇ ਇਕੱਠੇ ਕਰਨ ਲਈ ਦਿਨ-ਰਾਤ ਕੰਮ ਕਰਨਾ ਪੈ ਸਕਦਾ ਹੈ ਜਿਸ ਕਰਕੇ ਉਸ ਲਈ ਪਾਇਨੀਅਰ ਸੇਵਾ ਵੀ ਜਾਰੀ ਰੱਖਣੀ ਔਖੀ ਹੋ ਸਕਦੀ ਹੈ।
ਕੁਝ ਦੇਸ਼ਾਂ ਵਿਚ ਕੁੜੀ ਦੀ ਕੀਮਤ ਦੇਣ ਸੰਬੰਧੀ ਕਾਨੂੰਨ ਬਣਾਏ ਗਏ ਹਨ। ਉਨ੍ਹਾਂ ਦੇਸ਼ਾਂ ਵਿਚ ਮਸੀਹੀ ਮਾਪੇ ਇਨ੍ਹਾਂ ਕਾਨੂੰਨਾਂ ਮੁਤਾਬਕ ਹੀ ਚੱਲਦੇ ਹਨ। ਕਿਉਂ? ਕਿਉਂਕਿ ਪਰਮੇਸ਼ੁਰ ਦੇ ਬਚਨ ਵਿਚ ਮੰਗ ਕੀਤੀ ਗਈ ਹੈ ਕਿ ਮਸੀਹੀ “ਉੱਚ ਅਧਿਕਾਰੀਆਂ ਦੇ ਅਧੀਨ” ਰਹਿਣ ਅਤੇ ਉਨ੍ਹਾਂ ਹੁਕਮਾਂ ਨੂੰ ਮੰਨਣ ਜੋ ਪਰਮੇਸ਼ੁਰ ਦੇ ਕਾਨੂੰਨਾਂ ਦੇ ਖ਼ਿਲਾਫ਼ ਨਹੀਂ ਹਨ।—ਰੋਮੀ. 13:1; ਰਸੂ. 5:29.