ਨਿਆਂ ਕਰਨ ਵਾਲਾ ਪਰਮੇਸ਼ੁਰ
ਪਰਮੇਸ਼ੁਰ ਨੂੰ ਜਾਣੋ
ਨਿਆਂ ਕਰਨ ਵਾਲਾ ਪਰਮੇਸ਼ੁਰ
ਕੀ ਕਦੇ ਇੱਦਾਂ ਹੋਇਆ ਹੈ ਕਿ ਕਿਸੇ ਨੇ ਤੁਹਾਡੇ ਨਾਲ ਅਨਿਆਂ ਜਾਂ ਅਤਿਆਚਾਰ ਕੀਤਾ, ਪਰ ਉਸ ਨੂੰ ਸਜ਼ਾ ਨਹੀਂ ਮਿਲੀ ਜਾਂ ਉਸ ਨੂੰ ਆਪਣੀ ਕੀਤੀ ’ਤੇ ਕੋਈ ਪਛਤਾਵਾ ਨਹੀਂ ਹੋਇਆ? ਅਨਿਆਂ ਸਹਿਣਾ ਬਹੁਤ ਔਖਾ ਹੈ, ਖ਼ਾਸ ਕਰਕੇ ਜੇ ਕਿਸੇ ਆਪਣੇ ਨੇ ਸਾਡੇ ਨਾਲ ਇੱਦਾਂ ਕੀਤਾ ਹੋਵੇ। ਤੁਸੀਂ ਸ਼ਾਇਦ ਸੋਚੋ, ‘ਹੇ ਰੱਬਾ, ਤੂੰ ਮੇਰੇ ਨਾਲ ਇੱਦਾਂ ਕਿਉਂ ਹੋਣ ਦਿੱਤਾ?’ * ਸੱਚ ਤਾਂ ਇਹ ਹੈ ਕਿ ਯਹੋਵਾਹ ਪਰਮੇਸ਼ੁਰ ਅਨਿਆਂ ਨਾਲ ਨਫ਼ਰਤ ਕਰਦਾ ਹੈ। ਉਸ ਨੇ ਆਪਣੇ ਬਚਨ ਵਿਚ ਵਾਅਦਾ ਕੀਤਾ ਹੈ ਕਿ ਉਹ ਪਾਪੀਆਂ ਨੂੰ ਜ਼ਰੂਰ ਸਜ਼ਾ ਦੇਵੇਗਾ। ਆਓ ਆਪਾਂ ਇਸ ਸੰਬੰਧੀ ਇਬਰਾਨੀਆਂ 10:26-31 ਵਿਚ ਦਰਜ ਪੌਲੁਸ ਦੇ ਸ਼ਬਦਾਂ ਉੱਤੇ ਵਿਚਾਰ ਕਰੀਏ।
ਪੌਲੁਸ ਨੇ ਲਿਖਿਆ: “ਜੇ ਅਸੀਂ ਸਤ ਦਾ ਗਿਆਨ ਪਰਾਪਤ ਕਰਨ ਦੇ ਪਿੱਛੋਂ ਜਾਣ ਬੁਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਨਮਿੱਤ ਫੇਰ ਕੋਈ ਬਲੀਦਾਨ ਨਹੀਂ।” (ਆਇਤ 26) ਨਾਮੁਕੰਮਲ ਹੋਣ ਕਰਕੇ ਤਾਂ ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ। ਪਰ ਜਿਹੜੇ ਲੋਕ ਜਾਣ-ਬੁੱਝ ਕੇ ਪਾਪ ਕਰਦੇ ਹਨ, ਉਹ ਸਭ ਤੋਂ ਜ਼ਿਆਦਾ ਦੋਸ਼ੀ ਹਨ। ਕਿਉਂ? ਕਿਉਂਕਿ ਉਹ ਆਪਣੀ ਕਿਸੇ ਕਮਜ਼ੋਰੀ ਕਰ ਕੇ ਕਦੀ-ਕਦਾਈਂ ਪਾਪ ਨਹੀਂ ਕਰਦੇ, ਸਗੋਂ ਉਹ ਜਾਣ-ਬੁੱਝ ਕੇ ਵਾਰ-ਵਾਰ ਗ਼ਲਤ ਕੰਮ ਕਰਦੇ ਹਨ। ਪਾਪ ਉਨ੍ਹਾਂ ਦੇ ਹੱਡੀਂ ਰਚਿਆ ਹੁੰਦਾ ਹੈ। ਨਾਲੇ ਉਹ ਅਣਜਾਣੇ ਵਿਚ ਪਾਪ ਨਹੀਂ ਕਰਦੇ। ਉਨ੍ਹਾਂ ਨੂੰ ਪਰਮੇਸ਼ੁਰ ਅਤੇ ਉਸ ਦੇ ਅਸੂਲਾਂ ਦਾ ਗਿਆਨ ਹੁੰਦਾ ਹੈ।
ਇਹੋ ਜਿਹੇ ਪਾਪੀਆਂ ਬਾਰੇ ਯਹੋਵਾਹ ਦਾ ਕੀ ਨਜ਼ਰੀਆ ਹੈ? ਪੌਲੁਸ ਨੇ ਕਿਹਾ: “ਪਾਪਾਂ ਦੇ ਨਮਿੱਤ ਫੇਰ ਕੋਈ ਬਲੀਦਾਨ ਨਹੀਂ।” ਮਸੀਹ ਦੇ ਬਲੀਦਾਨ ਕਰਕੇ ਸਾਡੇ ਉਹ ਪਾਪ ਮਾਫ਼ ਹੁੰਦੇ ਹਨ ਜੋ ਸਾਡੇ ਕੋਲੋਂ ਨਾਮੁਕੰਮਲ ਹੋਣ ਕਰਕੇ ਹੋ ਜਾਂਦੇ ਹਨ। (1 ਯੂਹੰਨਾ 2:1, 2) ਪਰ ਜਿਹੜੇ ਲੋਕ ਬਿਨਾਂ ਪਛਤਾਏ ਪਾਪ ਕਰਦੇ ਰਹਿੰਦੇ ਹਨ, ਉਹ ਮਸੀਹ ਦੇ ਬਲੀਦਾਨ ਦੀ ਕੋਈ ਕਦਰ ਨਹੀਂ ਕਰਦੇ। ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਹ ‘ਉਸ ਦੇ ਪੁੱਤ੍ਰ ਨੂੰ ਪੈਰਾਂ ਹੇਠ ਲਤਾੜਦੇ ਹਨ ਅਤੇ [ਯਿਸੂ] ਦੇ ਲਹੂ ਨੂੰ ਐਵੇਂ ਕਿਵੇਂ ਜਾਣਦੇ ਹਨ।’ (ਆਇਤ 29) ਵਾਰ-ਵਾਰ ਪਾਪ ਕਰ ਕੇ ਉਹ ਯਿਸੂ ਦਾ ਅਪਮਾਨ ਕਰਦੇ ਹਨ ਅਤੇ ਉਸ ਦੇ ਲਹੂ ਦੀ ਕੀਮਤ ਆਮ ਇਨਸਾਨਾਂ ਦੇ ਲਹੂ ਦੀ ਕੀਮਤ ਨਾਲੋਂ ਵੱਧ ਨਹੀਂ ਸਮਝਦੇ। ਅਜਿਹੇ ਨਾਸ਼ੁਕਰੇ ਲੋਕਾਂ ਨੂੰ ਯਿਸੂ ਦੇ ਬਲੀਦਾਨ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ।
ਦੁਸ਼ਟ ਲੋਕਾਂ ਦਾ ਕੀ ਹਸ਼ਰ ਹੋਵੇਗਾ? ਨਿਆਂ ਦੇ ਪਰਮੇਸ਼ੁਰ ਨੇ ਵਾਅਦਾ ਕੀਤਾ ਹੈ: “ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਾਹਵਾਂਗਾ।” (ਆਇਤ 30) ਜਿਹੜਾ ਵੀ ਸ਼ਰੇਆਮ ਪਰਮੇਸ਼ੁਰ ਦੇ ਉੱਚੇ-ਸੁੱਚੇ ਅਸੂਲਾਂ ਨੂੰ ਤੋੜਦਾ ਹੈ, ਉਹ ਸਜ਼ਾ ਤੋਂ ਨਹੀਂ ਬਚ ਸਕਦਾ। ਇਸ ਲਈ ਉਹ ਸਾਰੇ ਲੋਕ ਖ਼ਬਰਦਾਰ ਹੋ ਜਾਣ ਜਿਹੜੇ ਦੂਜਿਆਂ ਨੂੰ ਦੁਖੀ ਕਰਦੇ ਹਨ ਅਤੇ ਪਾਪ ਕਰਦੇ ਰਹਿੰਦੇ ਹਨ। ਦੁਸ਼ਟ ਲੋਕ ਜੋ ਬੀਜਣਗੇ, ਉਹੀ ਵੱਢਣਗੇ। (ਗਲਾਤੀਆਂ 6:7) ਭਾਵੇਂ ਅੱਜ ਉਨ੍ਹਾਂ ਨੂੰ ਕੁਝ ਨਹੀਂ ਹੁੰਦਾ, ਪਰ ਜਲਦੀ ਹੀ ਪਰਮੇਸ਼ੁਰ ਸਾਰੇ ਦੁਸ਼ਟਾਂ ਨੂੰ ਧਰਤੀ ਉੱਤੋਂ ਖ਼ਤਮ ਕਰ ਦੇਵੇਗਾ। (ਕਹਾਉਤਾਂ 2:21, 22) ਪੌਲੁਸ ਨੇ ਚੇਤਾਵਨੀ ਦਿੱਤੀ ਸੀ: “ਜੀਉਂਦੇ ਪਰਮੇਸ਼ੁਰ ਦੇ ਹੱਥ ਵਿੱਚ ਪੈਣਾ ਭਿਆਣਕ ਗੱਲ ਹੈ!”—ਆਇਤ 31.
ਇਹ ਜਾਣ ਕੇ ਦਿਲ ਨੂੰ ਕਿੰਨਾ ਹੌਸਲਾ ਮਿਲਦਾ ਹੈ ਕਿ ਜਾਣ-ਬੁੱਝ ਕੇ ਪਾਪ ਕਰਨ ਵਾਲਿਆਂ ਨੂੰ ਪਰਮੇਸ਼ੁਰ ਛੱਡੇਗਾ ਨਹੀਂ! ਇਸ ਗੱਲ ਤੋਂ ਖ਼ਾਸ ਕਰਕੇ ਉਨ੍ਹਾਂ ਨੂੰ ਜ਼ਿਆਦਾ ਤਸੱਲੀ ਹੁੰਦੀ ਹੈ ਜਿਨ੍ਹਾਂ ਨਾਲ ਅਨਿਆਂ ਹੋਇਆ ਹੈ। ਇਸ ਲਈ ਅਸੀਂ ਬਦਲਾ ਲੈਣ ਦਾ ਕੰਮ ਯਹੋਵਾਹ ਦੇ ਹੱਥਾਂ ਵਿਚ ਛੱਡ ਸਕਦੇ ਹਾਂ ਜੋ ਅਨਿਆਂ ਨਾਲ ਨਫ਼ਰਤ ਕਰਦਾ ਹੈ। (w08 11/1)
[ਫੁਟਨੋਟ]
^ ਪੈਰਾ 1 ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦੇ ਸਫ਼ੇ 106-114 ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਨੇ ਅਜੇ ਤਕ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕੀਤਾ ਹੈ।