ਕੀ ਰੱਬ ਨੂੰ ਮੇਰੀ ਚਿੰਤਾ ਹੈ?
ਕੀ ਰੱਬ ਨੂੰ ਮੇਰੀ ਚਿੰਤਾ ਹੈ?
ਆਮ ਜਵਾਬ:
▪ “ਭਲਾ, ਰੱਬ ਮੇਰੀ ਚਿੰਤਾ ਕਿਉਂ ਕਰੇਗਾ?”
▪ “ਮੈਨੂੰ ਨਹੀਂ ਲੱਗਦਾ ਕਿ ਰੱਬ ਨੂੰ ਮੇਰੀ ਚਿੰਤਾ ਹੈ।”
ਯਿਸੂ ਨੇ ਕੀ ਕਿਹਾ ਸੀ?
▪ “ਭਲਾ, ਦੋ ਪੈਸਿਆਂ ਨੂੰ ਪੰਜ ਚਿੜੀਆਂ ਨਹੀਂ ਵਿਕਦੀਆਂ? ਪਰ ਇਨ੍ਹਾਂ ਵਿੱਚੋਂ ਇੱਕ ਵੀ ਪਰਮੇਸ਼ੁਰ ਦੇ ਅੱਗੇ ਵਿਸਰੀ ਹੋਈ ਨਹੀਂ। ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ। ਨਾ ਡਰੋ, ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।” (ਲੂਕਾ 12:6, 7) ਯਿਸੂ ਨੇ ਸਿਖਾਇਆ ਸੀ ਕਿ ਰੱਬ ਨੂੰ ਸਾਡੀ ਚਿੰਤਾ ਹੈ।
▪ “ਤੁਸੀਂ ਚਿੰਤਾ ਕਰ ਕੇ ਇਹ ਨਾ ਕਹੋ ਭਈ ਕੀ ਖਾਵਾਂਗੇ? ਯਾ ਕੀ ਪੀਵਾਂਗੇ? ਯਾ ਕੀ ਪਹਿਨਾਂਗੇ? ਪਰਾਈਆਂ ਕੌਮਾਂ ਦੇ ਲੋਕ ਤਾਂ ਇਨ੍ਹਾਂ ਸਭਨਾਂ ਵਸਤਾਂ ਨੂੰ ਭਾਲਦੇ ਹਨ, ਕਿਉਂ ਜੋ ਤੁਹਾਡਾ ਸੁਰਗੀ ਪਿਤਾ ਜਾਣਦਾ ਹੈ ਜੋ ਤੁਹਾਨੂੰ ਇਨ੍ਹਾਂ ਸਭਨਾਂ ਵਸਤਾਂ ਦੀ ਲੋੜ ਹੈ।” (ਮੱਤੀ 6:31, 32) ਯਿਸੂ ਨੂੰ ਯਕੀਨ ਸੀ ਕਿ ਰੱਬ ਸਾਡੀਆਂ ਲੋੜਾਂ ਬਾਰੇ ਜਾਣਦਾ ਹੈ।
ਬਾਈਬਲ ਤੋਂ ਸਾਫ਼ ਪਤਾ ਲੱਗਦਾ ਹੈ ਕਿ ਰੱਬ ਨੂੰ ਸਾਡਾ ਫ਼ਿਕਰ ਹੈ। (ਜ਼ਬੂਰਾਂ ਦੀ ਪੋਥੀ 55:22; 1 ਪਤਰਸ 5:7) ਜੇ ਇਹ ਸੱਚ ਹੈ, ਤਾਂ ਅੱਜ ਸਾਨੂੰ ਇੰਨੇ ਦੁੱਖ ਕਿਉਂ ਸਹਿਣੇ ਪੈਂਦੇ ਹਨ? ਜੇ ਰੱਬ ਸਰਬਸ਼ਕਤੀਮਾਨ ਹੈ ਅਤੇ ਸਾਨੂੰ ਪਿਆਰ ਕਰਦਾ ਹੈ, ਤਾਂ ਉਸ ਨੇ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕੀਤਾ?
ਬਹੁਤੇ ਲੋਕ ਇਹ ਨਹੀਂ ਜਾਣਦੇ ਕਿ ਸ਼ਤਾਨ ਹੀ ਇਸ ਬੁਰੀ ਦੁਨੀਆਂ ਉੱਤੇ ਰਾਜ ਕਰ ਰਿਹਾ ਹੈ। ਇਸੇ ਕਰਕੇ ਇਸ ਦੁਨੀਆਂ ਵਿਚ ਇੰਨੇ ਦੁੱਖ ਹਨ। ਜਦ ਸ਼ਤਾਨ ਨੇ ਯਿਸੂ ਨੂੰ ਪਰਤਾਉਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਉਸ ਨੇ ਦੁਨੀਆਂ ਦੀਆਂ ਸਾਰੀਆਂ ਪਾਤਸ਼ਾਹੀਆਂ ਉਸ ਨੂੰ ਪੇਸ਼ ਕੀਤੀਆਂ ਸਨ। ਉਸ ਨੇ ਕਿਹਾ ਸੀ: “ਮੈਂ ਇਹ ਸਾਰਾ ਇਖ਼ਤਿਆਰ ਅਤੇ ਉਨ੍ਹਾਂ ਦੀ ਭੜਕ ਤੈਨੂੰ ਦਿਆਂਗਾ ਕਿਉਂ ਜੋ ਇਹ ਮੇਰੇ ਵੱਸ ਵਿੱਚ ਕੀਤਾ ਹੋਇਆ ਹੈ ਅਰ ਜਿਹ ਨੂੰ ਚਾਹੁੰਦਾ ਉਹ ਨੂੰ ਦਿੰਦਾ ਹਾਂ।”—ਲੂਕਾ 4:5-7.
ਸ਼ਤਾਨ ਇਸ ਦੁਨੀਆਂ ਦਾ ਰਾਜਾ ਕਿੱਦਾਂ ਬਣਿਆ? ਜਦ ਪਹਿਲੇ ਜੋੜੇ, ਆਦਮ ਤੇ ਹੱਵਾਹ, ਨੇ ਪਰਮੇਸ਼ੁਰ ਤੋਂ ਮੂੰਹ ਮੋੜ ਕੇ ਸ਼ਤਾਨ ਦਾ ਕਹਿਣਾ ਮੰਨਿਆ ਸੀ, ਤਾਂ ਉਨ੍ਹਾਂ ਨੇ ਸ਼ਤਾਨ ਨੂੰ ਆਪਣਾ ਰੱਬ ਮੰਨ ਲਿਆ ਸੀ। ਇਸ ਤੋਂ ਬਾਅਦ ਯਹੋਵਾਹ ਪਰਮੇਸ਼ੁਰ ਨੇ ਸਮਾਂ ਦਿੱਤਾ ਤਾਂਕਿ ਇਹ ਸਾਬਤ ਹੋ ਜਾਵੇ ਕਿ ਸ਼ਤਾਨ ਦਾ ਰਾਜ ਬਿਲਕੁਲ ਅਸਫ਼ਲ ਹੈ। ਯਹੋਵਾਹ ਨੇ ਲੋਕਾਂ ਨੂੰ ਉਸ ਦੀ ਸੇਵਾ ਕਰਨ ਲਈ ਮਜਬੂਰ ਨਹੀਂ ਕੀਤਾ, ਸਗੋਂ ਉਸ ਵੱਲ ਮੁੜਨ ਲਈ ਸਾਡੇ ਵਾਸਤੇ ਰਾਹ ਖੋਲ੍ਹਿਆ ਹੈ।—ਰੋਮੀਆਂ 5:10.
ਰੱਬ ਨੂੰ ਸਾਡੀ ਚਿੰਤਾ ਹੋਣ ਕਰਕੇ ਉਸ ਨੇ ਸਾਨੂੰ ਸ਼ਤਾਨ ਦੇ ਰਾਜ ਤੋਂ ਛੁਡਾਉਣ ਲਈ ਯਿਸੂ ਰਾਹੀਂ ਇੰਤਜ਼ਾਮ ਕੀਤਾ ਹੈ। ਬਹੁਤ ਜਲਦ ਯਿਸੂ “ਉਸ ਨੂੰ ਜਿਹ ਦੇ ਵੱਸ ਵਿੱਚ ਮੌਤ ਹੈ ਅਰਥਾਤ ਸ਼ਤਾਨ ਨੂੰ ਨਾਸ” ਕਰੇਗਾ। (ਇਬਰਾਨੀਆਂ 2:14) ਇਸ ਤਰ੍ਹਾਂ ਉਹ “ਸ਼ਤਾਨ ਦੇ ਕੰਮਾਂ ਨੂੰ ਨਸ਼ਟ” ਕਰੇਗਾ।—1 ਯੂਹੰਨਾ 3:8.
ਸਾਰੀ ਧਰਤੀ ਸੁੰਦਰ ਬਣਾਈ ਜਾਵੇਗੀ। ਉਸ ਸਮੇਂ ਰੱਬ ਲੋਕਾਂ ਦੀਆਂ “ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”—ਪਰਕਾਸ਼ ਦੀ ਪੋਥੀ 21:4, 5. * (w09 2/1)
[ਫੁਟਨੋਟ]
^ ਪੈਰਾ 12 ਇਸ ਵਿਸ਼ੇ ਉੱਤੇ ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦਾ ਗਿਆਰਵਾਂ ਅਧਿਆਇ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।
[ਸਫ਼ਾ 8 ਉੱਤੇ ਸੁਰਖੀ]
ਸਾਰੀ ਧਰਤੀ ਸੁੰਦਰ ਬਣਾਈ ਜਾਵੇਗੀ