ਨਿਹਚਾ ਕੀ ਹੈ?
ਨਿਹਚਾ ਕੀ ਹੈ?
ਤੁਸੀਂ ਕੀ ਕਹੋਗੇ ਕਿ ਨਿਹਚਾ ਕੀ ਹੈ? ਕਈ ਲੋਕ ਕਹਿੰਦੇ ਹਨ ਕਿ ਇਹ ਅੰਧਵਿਸ਼ਵਾਸ ਦੇ ਬਰਾਬਰ ਹੈ। ਅਮਰੀਕਾ ਦੇ ਇਕ ਲਿਖਾਰੀ ਤੇ ਪੱਤਰਕਾਰ ਨੇ ਕਿਹਾ ਕਿ ਨਿਹਚਾ ਦਾ ਮਤਲਬ ਹੈ “ਬਿਨਾਂ ਕਾਰਨ ਉਸ ਵਿਚ ਵਿਸ਼ਵਾਸ ਕਰਨਾ ਜਿਸ ਦਾ ਹੋਣਾ ਅਣਹੋਣਾ ਹੈ।”
ਇਸ ਦੇ ਉਲਟ ਬਾਈਬਲ ਕਹਿੰਦੀ ਹੈ: ‘ਨਿਹਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਅਤੇ ਅਣਡਿੱਠ ਵਸਤਾਂ ਦੀ ਸਬੂਤੀ ਹੈ।’ (ਇਬਰਾਨੀਆਂ 11:1) ਸੋ ਵਿਸ਼ਵਾਸ ਨਾ ਤਾਂ ਅੰਨ੍ਹਾ ਹੁੰਦਾ ਹੈ ਤੇ ਨਾ ਹੀ ਬਿਨਾਂ ਕਾਰਨ ਕੀਤਾ ਜਾਂਦਾ ਹੈ।
ਇਹ ਜਾਣਦੇ ਹੋਏ ਕਿ ਨਿਹਚਾ ਬਾਰੇ ਲੋਕਾਂ ਦੇ ਆਪੋ-ਆਪਣੇ ਖ਼ਿਆਲ ਹੁੰਦੇ ਹਨ ਇਹ ਜ਼ਰੂਰੀ ਹੈ ਕਿ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਪਤਾ ਕਰੀਏ:
• ਨਿਹਚਾ ਬਾਰੇ ਲੋਕਾਂ ਦੇ ਖ਼ਿਆਲ ਬਾਈਬਲ ਤੋਂ ਕਿਵੇਂ ਵੱਖਰੇ ਹਨ?
• ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਉਸ ਤਰ੍ਹਾਂ ਦੀ ਨਿਹਚਾ ਪੈਦਾ ਕਰੀਏ ਜਿਸ ਦਾ ਜ਼ਿਕਰ ਬਾਈਬਲ ਵਿਚ ਆਉਂਦਾ ਹੈ?
• ਤੁਸੀਂ ਆਪਣੀ ਨਿਹਚਾ ਹੋਰ ਪੱਕੀ ਕਿਵੇਂ ਕਰ ਸਕਦੇ ਹੋ?
ਦਸਤਾਵੇਜ਼ ਅਤੇ ਪੱਕਾ ਸਬੂਤ
ਜਦ ਇਬਰਾਨੀਆਂ ਦੀ ਪੋਥੀ ਲਿਖੀ ਗਈ ਸੀ, ਤਾਂ ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਪੱਕਾ ਭਰੋਸਾ” ਕੀਤਾ ਗਿਆ ਸੀ ਉਹ ਆਮ ਤੌਰ ਤੇ ਵਰਤਿਆ ਜਾਂਦਾ ਸੀ। ਇਹ ਖ਼ਾਸ ਕਰਕੇ ਉਨ੍ਹਾਂ ਦਸਤਾਵੇਜ਼ਾਂ ਵਿਚ ਵਰਤਿਆ ਜਾਂਦਾ ਸੀ ਜੋ ਕਿਸੇ ਚੀਜ਼ ਖ਼ਰੀਦਣ ਸਮੇਂ ਗਾਰੰਟੀ ਵਜੋਂ ਦਿੱਤੇ ਜਾਂਦੇ ਸਨ। ਇਸ ਲਈ ਇਕ ਸ਼ਬਦ-ਕੋਸ਼ ਦਾ ਕਹਿਣਾ ਹੈ ਕਿ ਇਬਰਾਨੀਆਂ 11:1 ਦਾ ਤਰਜਮਾ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ: “ਨਿਹਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਦਸਤਾਵੇਜ਼ ਹੈ।”
ਕੀ ਤੁਸੀਂ ਕਿਸੇ ਵੱਡੀ ਕੰਪਨੀ ਤੋਂ ਕਦੇ ਕੋਈ ਚੀਜ਼ ਖ਼ਰੀਦ ਕੇ ਉਸ ਦੇ ਪਹੁੰਚਣ ਦੀ ਉਡੀਕ ਕੀਤੀ ਹੈ? ਜੇ ਹਾਂ, ਤਾਂ ਤੁਸੀਂ ਵੀ ਇਸੇ ਤਰ੍ਹਾਂ ਦੀ ਨਿਹਚਾ ਕੀਤੀ ਹੈ। ਤੁਹਾਡੇ ਹੱਥ ਵਿਚ ਰਸੀਦ ਹੋਣ ਕਾਰਨ ਤੁਹਾਨੂੰ ਉਸ ਕੰਪਨੀ ’ਤੇ ਪੱਕਾ ਭਰੋਸਾ ਹੁੰਦਾ ਹੈ। ਰਸੀਦ ਇਕ ਦਸਤਾਵੇਜ਼ ਹੈ ਯਾਨੀ ਇਕ ਗਾਰੰਟੀ ਕਿ ਤੁਹਾਨੂੰ ਉਹ ਚੀਜ਼ ਜ਼ਰੂਰ ਮਿਲੇਗੀ ਜੋ ਤੁਸੀਂ ਖ਼ਰੀਦੀ ਹੈ। ਪਰ ਜੇ ਤੁਸੀਂ ਰਸੀਦ ਗੁਆ ਲਓ ਜਾਂ ਸੁੱਟ ਦਿਓ, ਤਾਂ ਤੁਹਾਡੇ ਕੋਲ ਇਸ ਦਾ ਕੋਈ ਸਬੂਤ ਨਹੀਂ ਹੋਵੇਗਾ ਕਿ ਉਹ ਚੀਜ਼ ਤੁਹਾਡੀ ਹੈ। ਇਸੇ ਤਰ੍ਹਾਂ ਜਿਹੜੇ ਲੋਕ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਆਪਣੇ ਵਾਅਦੇ ਪੂਰੇ ਕਰੇਗਾ ਉਨ੍ਹਾਂ ਨੂੰ ਗਾਰੰਟੀ ਹੈ ਕਿ ਉਨ੍ਹਾਂ ਦੀਆਂ ਉਮੀਦਾਂ ਜ਼ਰੂਰ ਪੂਰੀਆਂ ਹੋਣਗੀਆਂ। ਪਰ ਦੂਜੇ ਪਾਸੇ ਜਿਹੜੇ ਲੋਕ ਵਿਸ਼ਵਾਸ ਨਹੀਂ ਕਰਦੇ ਜਾਂ ਆਪਣੀ ਨਿਹਚਾ ਖੋਹ ਦਿੰਦੇ ਹਨ ਉਹ ਪਰਮੇਸ਼ੁਰ ਦੀਆਂ ਬਰਕਤਾਂ ਪਾਉਣ ਦੇ ਹੱਕਦਾਰ ਨਹੀਂ ਹਨ।—ਯਾਕੂਬ 1:5-8.
ਇਬਰਾਨੀਆਂ 11:1 ਵਿਚ ਜਿਸ ਸ਼ਬਦ ਦਾ ਤਰਜਮਾ “ਸਬੂਤੀ” ਕੀਤਾ ਗਿਆ ਹੈ ਉਸ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਉਸ ਗੱਲ ਨੂੰ ਗ਼ਲਤ ਸਾਬਤ ਕਰਨਾ ਜੋ ਕੇਵਲ ਦੇਖਣ ਨੂੰ ਸਹੀ ਲੱਗਦੀ ਹੈ। ਮਿਸਾਲ ਲਈ, ਦੇਖਣ ਨੂੰ ਲੱਗਦਾ ਹੈ ਕਿ ਸੂਰਜ ਧਰਤੀ ਦੇ ਆਲੇ-ਦੁਆਲੇ ਘੁੰਮਦਾ ਹੈ ਕਿਉਂਕਿ ਇਹ ਪੂਰਬ ਵਿਚ ਚੜ੍ਹਦਾ ਹੈ ਤੇ ਪੱਛਮ ਵਿਚ ਲਹਿੰਦਾ ਹੈ। ਪਰ ਖਗੋਲ-ਵਿਗਿਆਨ ਅਤੇ ਗਣਿਤ-ਵਿਦਿਆ ਤੋਂ ਸਬੂਤ ਮਿਲਦਾ ਹੈ ਕਿ ਧਰਤੀ ਸੂਰਜੀ ਪਰਿਵਾਰ ਦਾ ਕੇਂਦਰ ਨਹੀਂ ਹੈ। ਜਦ ਤੁਸੀਂ ਇਸ ਗੱਲ ਨੂੰ ਸੱਚ ਮੰਨ ਲੈਂਦੇ ਹੋ, ਤਾਂ ਭਾਵੇਂ ਤੁਹਾਨੂੰ ਇਸ ਤਰ੍ਹਾਂ ਨਾ ਲੱਗੇ, ਫਿਰ ਵੀ ਤੁਹਾਨੂੰ ਵਿਸ਼ਵਾਸ ਹੁੰਦਾ ਹੈ ਕਿ ਧਰਤੀ ਸੂਰਜ ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਅੰਧਵਿਸ਼ਵਾਸ ਨਹੀਂ। ਦਰਅਸਲ ਤੁਸੀਂ ਸਮਝ ਜਾਂਦੇ ਹੋ ਕਿ ਅਸਲੀਅਤ ਕੀ ਹੈ।
ਪੱਕਾ ਵਿਸ਼ਵਾਸ ਹੋਣਾ ਕਿੰਨਾ ਜ਼ਰੂਰੀ ਹੈ?
ਬਾਈਬਲ ਸਾਨੂੰ ਅਜਿਹੀ ਪੱਕੀ ਨਿਹਚਾ ਪੈਦਾ ਕਰਨ ਲਈ ਕਹਿੰਦੀ ਹੈ ਜੋ ਪੱਕੇ ਸਬੂਤ ਉੱਤੇ ਆਧਾਰਿਤ ਹੈ ਚਾਹੇ ਸਾਨੂੰ ਆਪਣੀ ਸੋਚਣੀ ਵੀ ਬਦਲਣੀ ਕਿਉਂ ਨਾ ਪਵੇ। ਅਜਿਹੀ ਨਿਹਚਾ ਬਹੁਤ ਜ਼ਰੂਰੀ ਹੈ। ਇਸ ਬਾਰੇ ਪੌਲੁਸ ਰਸੂਲ ਨੇ ਲਿਖਿਆ: “ਵਿਸ਼ਵਾਸ ਤੋਂ ਬਿਨਾਂ ਕੋਈ ਮਨੁੱਖ ਵੀ ਪਰਮੇਸ਼ਰ ਨੂੰ ਪ੍ਰਸੰਨ ਨਹੀਂ ਕਰ ਸਕਦਾ, ਕਿਉਂਕਿ ਜੋ ਕੋਈ ਵੀ ਪਰਮੇਸ਼ਰ ਕੋਲ ਆਉਂਦਾ ਹੈ, ਉਸ ਲਈ ਜ਼ਰੂਰੀ ਹੈ ਕਿ ਉਹ ਵਿਸ਼ਵਾਸ ਕਰੇ ਕਿ ਪਰਮੇਸ਼ਰ ਹੈ ਅਤੇ ਉਹ ਆਪਣੇ ਖੋਜਣ ਵਾਲਿਆਂ ਨੂੰ ਫਲ ਦਿੰਦਾ ਹੈ।”—ਇਬਰਾਨੀਆਂ 11:6, CL.
ਆਪਣੀ ਨਿਹਚਾ ਪੱਕੀ ਕਰਨੀ ਸੌਖੀ ਨਹੀਂ। ਪਰ ਜੇ ਤੁਸੀਂ ਅਗਲੇ ਸਫ਼ਿਆਂ ’ਤੇ ਦਿੱਤੇ ਚਾਰ ਸੁਝਾਅ ਲਾਗੂ ਕਰੋ, ਤਾਂ ਤੁਸੀਂ ਸਫ਼ਲ ਹੋ ਸਕਦੇ ਹੋ। (w09 5/1)