Skip to content

Skip to table of contents

“ਉਹ ਤੈਥੋਂ ਲਭਿਆ ਜਾਏਗਾ”

“ਉਹ ਤੈਥੋਂ ਲਭਿਆ ਜਾਏਗਾ”

ਪਰਮੇਸ਼ੁਰ ਨੂੰ ਜਾਣੋ

“ਉਹ ਤੈਥੋਂ ਲਭਿਆ ਜਾਏਗਾ”

1 ਇਤਹਾਸ 28:9

ਕੀ ਤੁਸੀਂ ਪਰਮੇਸ਼ੁਰ ਨੂੰ ਜਾਣਦੇ ਹੋ? ਇਸ ਸਵਾਲ ਦਾ ਜਵਾਬ ਦੇਣਾ ਇੰਨਾ ਸੌਖਾ ਨਹੀਂ। ਪਰਮੇਸ਼ੁਰ ਨੂੰ ਜਾਣਨ ਦਾ ਮਤਲਬ ਹੈ ਕਿ ਅਸੀਂ ਉਸ ਦੇ ਕੰਮਾਂ ਅਤੇ ਉਸ ਦੀ ਇੱਛਾ ਨੂੰ ਚੰਗੀ ਤਰ੍ਹਾਂ ਜਾਣੀਏ। ਇਹ ਜਾਣ ਕੇ ਅਸੀਂ ਉਸ ਦੇ ਨੇੜੇ ਆਉਂਦੇ ਹਾਂ ਅਤੇ ਸਾਡੀ ਪੂਰੀ ਜ਼ਿੰਦਗੀ ਬਦਲ ਜਾਂਦੀ ਹੈ। ਕੀ ਰੱਬ ਨਾਲ ਅਜਿਹਾ ਰਿਸ਼ਤਾ ਮੁਮਕਿਨ ਹੈ? ਜੇ ਹੈ, ਤਾਂ ਅਸੀਂ ਅਜਿਹਾ ਰਿਸ਼ਤਾ ਕਿਵੇਂ ਕਾਇਮ ਕਰ ਸਕਦੇ ਹਾਂ? ਇਨ੍ਹਾਂ ਸਵਾਲਾਂ ਦੇ ਜਵਾਬ 1 ਇਤਹਾਸ 28:9 ਵਿਚ ਪਾਏ ਜਾਂਦੇ ਹਨ ਜਿੱਥੇ ਰਾਜਾ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਸਲਾਹ ਦਿੱਤੀ।

ਜ਼ਰਾ ਸੋਚੋ। ਦਾਊਦ ਇਸਰਾਏਲ ਉੱਤੇ 40 ਸਾਲਾਂ ਤੋਂ ਹਕੂਮਤ ਕਰ ਰਿਹਾ ਸੀ ਤੇ ਉਸ ਦੇ ਅਧੀਨ ਕੌਮ ਬੜੀ ਖ਼ੁਸ਼ਹਾਲ ਸੀ। ਹੁਣ ਜਲਦੀ ਹੀ ਸੁਲੇਮਾਨ ਉਸ ਦੀ ਥਾਂ ਲੈਣ ਵਾਲਾ ਸੀ, ਪਰ ਉਹ ਅਜੇ ਮੁੰਡਾ ਹੀ ਸੀ। (1 ਇਤਹਾਸ 29:1) ਹਕੂਮਤ ਦੀ ਵਾਗਡੋਰ ਆਪਣੇ ਪੁੱਤਰ ਦੇ ਹੱਥ ਦੇਣ ਤੋਂ ਪਹਿਲਾਂ ਦਾਊਦ ਨੇ ਉਸ ਨੂੰ ਕੀ ਸਲਾਹ ਦਿੱਤੀ?

ਪਰਮੇਸ਼ੁਰ ਦੀ ਸੇਵਾ ਵਿਚ ਆਪਣੇ ਵਧੀਆ ਤਜਰਬੇ ਦੇ ਆਧਾਰ ’ਤੇ ਦਾਊਦ ਨੇ ਉਸ ਨੂੰ ਕਿਹਾ: “ਹੇ ਮੇਰੇ ਪੁੱਤ੍ਰ ਸੁਲੇਮਾਨ, ਤੂੰ ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਜਾਣ।” ਦਾਊਦ ਸਿਰਫ਼ ਗਿਆਨ ਲੈਣ ਬਾਰੇ ਹੀ ਨਹੀਂ ਕਹਿ ਰਿਹਾ ਸੀ ਕਿਉਂਕਿ ਸੁਲੇਮਾਨ ਤਾਂ ਪਹਿਲਾਂ ਹੀ ਦਾਊਦ ਦੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਦਾ ਸੀ। ਉਸ ਸਮੇਂ ਤਕ ਬਾਈਬਲ ਦੀਆਂ ਇਬਰਾਨੀ ਲਿਖਤਾਂ ਦਾ ਤੀਜਾ ਹਿੱਸਾ ਪੂਰਾ ਹੋ ਚੁੱਕਾ ਸੀ ਅਤੇ ਸੁਲੇਮਾਨ ਜ਼ਰੂਰ ਜਾਣਦਾ ਸੀ ਕਿ ਇਨ੍ਹਾਂ ਪਵਿੱਤਰ ਲਿਖਤਾਂ ਵਿਚ ਪਰਮੇਸ਼ੁਰ ਬਾਰੇ ਕੀ ਕਿਹਾ ਗਿਆ ਹੈ। ਜਿਸ ਇਬਰਾਨੀ ਸ਼ਬਦ ਦਾ ਤਰਜਮਾ “ਜਾਣ” ਕੀਤਾ ਗਿਆ ਹੈ, ਉਸ ਬਾਰੇ ਇਕ ਵਿਦਵਾਨ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿਸੇ ਨਾਲ “ਗੂੜ੍ਹਾ ਰਿਸ਼ਤਾ” ਹੋਣਾ। ਦਾਊਦ ਚਾਹੁੰਦਾ ਸੀ ਕਿ ਉਸ ਦਾ ਪੁੱਤਰ ਉਸ ਵਾਂਗ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਬਣਾ ਕੇ ਰੱਖੇ।

ਰੱਬ ਨਾਲ ਅਜਿਹੇ ਰਿਸ਼ਤੇ ਨੇ ਸੁਲੇਮਾਨ ਦੇ ਨਜ਼ਰੀਏ ਅਤੇ ਕੰਮਾਂ ’ਤੇ ਡੂੰਘਾ ਅਸਰ ਪਾਉਣਾ ਸੀ। ਦਾਊਦ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਤੂੰ “ਪੱਕੇ ਮਨ ਨਾਲ, ਅਰ ਚਿੱਤ ਦੇ ਪ੍ਰੇਮ ਨਾਲ [ਰੱਬ] ਦੀ ਟਹਿਲ ਸੇਵਾ ਕਰ।” * ਧਿਆਨ ਦਿਓ ਕਿ ਪਰਮੇਸ਼ੁਰ ਨੂੰ ਜਾਣਨ ਤੋਂ ਬਾਅਦ ਹੀ ਸੁਲੇਮਾਨ ਨੂੰ ਉਸ ਦੀ ਸੇਵਾ ਕਰਨ ਦੀ ਤਾਕੀਦ ਕੀਤੀ ਗਈ ਸੀ। ਪਰਮੇਸ਼ੁਰ ਨੂੰ ਚੰਗੀ ਤਰ੍ਹਾਂ ਜਾਣਨ ਤੋਂ ਬਾਅਦ ਹੀ ਉਸ ਦੀ ਸੇਵਾ ਕੀਤੀ ਜਾ ਸਕਦੀ ਹੈ। ਪਰ ਪਰਮੇਸ਼ੁਰ ਨਹੀਂ ਚਾਹੁੰਦਾ ਕਿ ਕੋਈ ਵੀ ਦਿਖਾਵੇ ਵਾਸਤੇ ਉਸ ਦੀ ਸੇਵਾ ਕਰੇ। (ਜ਼ਬੂਰਾਂ ਦੀ ਪੋਥੀ 12:2; 119:113) ਦਾਊਦ ਨੇ ਆਪਣੇ ਪੁੱਤਰ ਨੂੰ ਬੇਨਤੀ ਕੀਤੀ ਕਿ ਉਹ ਪੂਰੇ ਦਿਲ ਨਾਲ ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਦੀ ਸੇਵਾ ਕਰੇ।

ਦਾਊਦ ਨੇ ਆਪਣੇ ਪੁੱਤਰ ਨੂੰ ਸੋਚ-ਸਮਝ ਕੇ ਅਤੇ ਸੱਚੇ ਮਨ ਨਾਲ ਰੱਬ ਦੀ ਭਗਤੀ ਕਰਨ ਲਈ ਕਿਉਂ ਕਿਹਾ ਸੀ? ਦਾਊਦ ਨੇ ਦੱਸਿਆ: “ਕਿਉਂ ਜੋ ਯਹੋਵਾਹ ਸਾਰਿਆਂ ਮਨਾਂ ਦੀ ਪਰੀਛਾ ਕਰਦਾ ਹੈ ਅਰ ਧਿਆਨ ਦੇ ਸਾਰੇ ਫੁਰਨਿਆਂ ਦਾ ਗਿਆਤਾ ਹੈ।” ਸੁਲੇਮਾਨ ਨੂੰ ਸਿਰਫ਼ ਆਪਣੇ ਪਿਤਾ ਦੀਆਂ ਗੱਲਾਂ ਸੁਣ ਕੇ ਰੱਬ ਦੀ ਭਗਤੀ ਨਹੀਂ ਕਰਨੀ ਚਾਹੀਦੀ ਸੀ। ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਭਾਲ ਰਿਹਾ ਹੈ ਜੋ ਦਿਲੋਂ ਉਸ ਦੀ ਸੇਵਾ ਕਰਨੀ ਚਾਹੁੰਦੇ ਹਨ।

ਕੀ ਸੁਲੇਮਾਨ ਨੇ ਆਪਣੇ ਪਿਤਾ ਦੀ ਮਿਸਾਲ ’ਤੇ ਚੱਲਣ ਦਾ ਫ਼ੈਸਲਾ ਕੀਤਾ ਤੇ ਯਹੋਵਾਹ ਦੇ ਹੋਰ ਵੀ ਨੇੜੇ ਆਇਆ? ਇਹ ਤਾਂ ਸੁਲੇਮਾਨ ਦੀ ਆਪਣੀ ਮਰਜ਼ੀ ਸੀ। ਦਾਊਦ ਨੇ ਆਪਣੇ ਪੁੱਤਰ ਨੂੰ ਕਿਹਾ: “ਜੇ ਤੂੰ ਉਸ ਨੂੰ ਖੋਜੇਂਗਾ ਤਾਂ ਉਹ ਤੈਥੋਂ ਲਭਿਆ ਜਾਏਗਾ ਪਰ ਜੇ ਤੂੰ ਉਸ ਨੂੰ ਤਿਆਗ ਛੱਡੇਂਗਾ ਤਾਂ ਉਹ ਤੈਨੂੰ ਸਦੀਪਕਾਲ ਤੋੜੀ ਤਿਆਗ ਛੱਡੇਗਾ।” ਪਰਮੇਸ਼ੁਰ ਦਾ ਪਿਆਰਾ ਭਗਤ ਬਣਨ ਲਈ ਸੁਲੇਮਾਨ ਨੂੰ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਨ ਦੀ ਲੋੜ ਸੀ। *

ਦਾਊਦ ਦੀ ਵਧੀਆ ਸਲਾਹ ਤੋਂ ਅਸੀਂ ਦੇਖ ਸਕਦੇ ਹਾਂ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਨੇੜੇ ਆਈਏ। ਪਰ ਉਸ ਦੇ ਨੇੜੇ ਜਾਣ ਲਈ ਸਾਨੂੰ ਬਾਈਬਲ ਤੋਂ ‘ਉਸ ਦੀ ਖੋਜ ਕਰਨ’ ਦੀ ਲੋੜ ਹੈ ਤਾਂਕਿ ਅਸੀਂ ਉਸ ਨੂੰ ਚੰਗੀ ਤਰ੍ਹਾਂ ਜਾਣ ਸਕੀਏ। ਫਿਰ ਹੀ ਅਸੀਂ ਖ਼ੁਸ਼ੀ-ਖ਼ੁਸ਼ੀ ਪੂਰੇ ਦਿਲ ਨਾਲ ਉਸ ਦੀ ਸੇਵਾ ਕਰ ਸਕਾਂਗੇ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਇਸੇ ਤਰ੍ਹਾਂ ਉਸ ਦੀ ਭਗਤੀ ਕਰੀਏ ਅਤੇ ਉਹ ਸਾਡੇ ਤੋਂ ਅਜਿਹੀ ਸ਼ਰਧਾ ਲੈਣ ਦਾ ਹੱਕਦਾਰ ਹੈ।—ਮੱਤੀ 22:37. (w10-E 11/01)

[ਫੁਟਨੋਟ]

^ ਪੈਰਾ 7 ਬਾਈਬਲ ਦੇ ਕੁਝ ਤਰਜਮੇ ਕਹਿੰਦੇ ਹਨ: “ਦਿਲੋਂ ਅਤੇ ਇੱਛਿਤ ਮਨ ਨਾਲ ਉਸਦੀ ਸੇਵਾ ਕਰ।”

^ ਪੈਰਾ 9 ਅਫ਼ਸੋਸ ਦੀ ਗੱਲ ਹੈ ਕਿ ਸ਼ੁਰੂ ਵਿਚ ਸੁਲੇਮਾਨ ਨੇ ਯਹੋਵਾਹ ਦੀ ਭਗਤੀ ਪੂਰੇ ਦਿਲ ਨਾਲ ਕੀਤੀ, ਪਰ ਬੁਢਾਪੇ ਵਿਚ ਉਸ ਨੇ ਰੱਬ ਤੋਂ ਮੂੰਹ ਮੋੜ ਲਿਆ।—1 ਰਾਜਿਆਂ 11:4.