ਕੁਦਰਤੀ ਆਫ਼ਤਾਂ ਇੰਨੀਆਂ ਕਿਉਂ?
ਖ਼ਬਰਾਂ ਵਿਚ ਆਏ ਦਿਨ ਕੁਦਰਤੀ ਆਫ਼ਤਾਂ ਦਾ ਜ਼ਿਕਰ ਹੁੰਦਾ ਹੀ ਰਹਿੰਦਾ ਹੈ। ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੋਕ ਇਕ ਤੋਂ ਬਾਅਦ ਇਕ ਆਫ਼ਤ ਦਾ ਸ਼ਿਕਾਰ ਹੁੰਦੇ ਹਨ। ਬੈਲਜੀਅਮ ਵਿਚ ਮਹਾਂਮਾਰੀ-ਵਿਗਿਆਨ ਰਿਸਰਚ ਸੈਂਟਰ ਰਿਪੋਰਟ ਕਰਦਾ ਹੈ ਕਿ ਸਿਰਫ਼ 2010 ਵਿਚ ਹੀ 373 ਆਫ਼ਤਾਂ ਆਈਆਂ ਜਿਨ੍ਹਾਂ ਵਿਚ 2,96,000 ਲੋਕਾਂ ਦੀਆਂ ਜਾਨਾਂ ਗਈਆਂ।
ਪਿਛਲੇ ਕੁਝ ਦਹਾਕਿਆਂ ਤੋਂ ਇਨ੍ਹਾਂ ਆਫ਼ਤਾਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋਇਆ ਹੈ। ਮਿਸਾਲ ਲਈ, 1975 ਤੋਂ 1999 ਦੌਰਾਨ ਹਰ ਸਾਲ 300 ਤੋਂ ਘੱਟ ਆਫ਼ਤਾਂ ਰਿਪੋਰਟ ਕੀਤੀਆਂ ਗਈਆਂ ਸਨ। ਪਰ 2000 ਤੋਂ 2010 ਦੌਰਾਨ ਹਰ ਸਾਲ ਔਸਤਨ 400 ਦੇ ਕਰੀਬ ਆਫ਼ਤਾਂ ਆਈਆਂ ਹਨ। ਸ਼ਾਇਦ ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚੋਂ ਹੋਵੋ ਜੋ ਸੋਚਦੇ ਹਨ, ‘ਹੁਣ ਇੰਨੀਆਂ ਸਾਰੀਆਂ ਆਫ਼ਤਾਂ ਕਿਉਂ ਆਉਂਦੀਆਂ ਹਨ?’
ਭਾਵੇਂ ਕਿ ਆਫ਼ਤਾਂ ਨੂੰ ਲੋਕ ਅਕਸਰ “ਰੱਬ ਦੀ ਕਰਨੀ” ਕਹਿੰਦੇ ਹਨ, ਪਰ ਇਹ ਸੱਚ ਨਹੀਂ ਹੈ। ਅੱਜ ਇੰਨੇ ਸਾਰੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੀਆਂ ਇਨ੍ਹਾਂ ਆਫ਼ਤਾਂ ਦੇ ਪਿੱਛੇ ਰੱਬ ਦਾ ਹੱਥ ਨਹੀਂ ਹੈ। ਫਿਰ ਵੀ, ਬਾਈਬਲ ਵਿਚ ਪਹਿਲਾਂ ਹੀ ਇਹ ਦੱਸਿਆ ਗਿਆ ਸੀ ਕਿ ਸਾਡੇ ਸਮੇਂ ਵਿਚ ਆਫ਼ਤਾਂ ਆਉਣਗੀਆਂ। ਮਿਸਾਲ ਲਈ, ਮੱਤੀ 24:7, 8 ਵਿਚ ਯਿਸੂ ਨੇ ਕਿਹਾ ਸੀ: “ਥਾਂ-ਥਾਂ ਕਾਲ਼ ਪੈਣਗੇ ਤੇ ਭੁਚਾਲ਼ ਆਉਣਗੇ। ਇਹ ਸਭ ਕੁਝ ਪੀੜਾਂ ਦੀ ਸ਼ੁਰੂਆਤ ਹੈ।” ਯਿਸੂ ਨੇ ਇਨ੍ਹਾਂ ਘਟਨਾਵਾਂ ਦਾ ਜ਼ਿਕਰ ਕਿਉਂ ਕੀਤਾ ਸੀ ਅਤੇ ਇਹ ਸਾਡੇ ਲਈ ਕੀ ਮਾਅਨੇ ਰੱਖਦੀਆਂ ਹਨ?
ਇਨ੍ਹਾਂ ਆਇਤਾਂ ਵਿਚ ਪਰਮੇਸ਼ੁਰ ਦਾ ਪੁੱਤਰ ਯਿਸੂ ਉਸ ਨੂੰ ਪੁੱਛੇ ਗਏ ਇਸ ਸਵਾਲ ਦਾ ਜਵਾਬ ਦੇ ਰਿਹਾ ਸੀ: “ਇਸ ਯੁਗ ਦੇ ਆਖ਼ਰੀ ਸਮੇਂ ਦੀ ਕੀ ਨਿਸ਼ਾਨੀ ਹੋਵੇਗੀ?” (ਮੱਤੀ 24:3) ਉਸ ਨੇ ਵਾਪਰਨ ਵਾਲੀਆਂ ਵੱਖੋ-ਵੱਖਰੀਆਂ ਘਟਨਾਵਾਂ ਬਾਰੇ ਦੱਸਿਆ ਜਿਨ੍ਹਾਂ ਵਿਚ ਉੱਪਰ ਦੱਸੀਆਂ ਆਫ਼ਤਾਂ ਵੀ ਸ਼ਾਮਲ ਹਨ। ਫਿਰ ਉਸ ਨੇ ਇਹ ਅਹਿਮ ਗੱਲ ਕਹੀ: “ਜਦੋਂ ਤੁਸੀਂ ਇਹ ਗੱਲਾਂ ਹੁੰਦੀਆਂ ਦੇਖੋ, ਤਾਂ ਸਮਝ ਜਾਣਾ ਕਿ ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ।” (ਲੂਕਾ 21:31) ਇਸ ਲਈ, ਇਹ ਕੁਦਰਤੀ ਆਫ਼ਤਾਂ ਸਾਡੇ ਲਈ ਬਹੁਤ ਮਾਅਨੇ ਰੱਖਦੀਆਂ ਹਨ। ਇਹ ਉਸ ਸਮੇਂ ਵੱਲ ਇਸ਼ਾਰਾ ਕਰਦੀਆਂ ਹਨ ਜਦੋਂ ਬਹੁਤ ਜਲਦ ਵੱਡੀਆਂ-ਵੱਡੀਆਂ ਤਬਦੀਲੀਆਂ ਹੋਣਗੀਆਂ।
ਆਫ਼ਤਾਂ ਦੇ ਪਿੱਛੇ ਕੌਣ ਹੈ?
ਪਰ ਬਹੁਤ ਸਾਰੇ ਲੋਕ ਹਾਲੇ ਵੀ ਪੁੱਛਦੇ ਹਨ ਕਿ ਜੇ ਇਨ੍ਹਾਂ ਆਫ਼ਤਾਂ ਦਾ ਜ਼ਿੰਮੇਵਾਰ ਪਰਮੇਸ਼ੁਰ ਨਹੀਂ ਹੈ, ਤਾਂ ਫਿਰ ਕੌਣ ਜਾਂ ਕਿਹੜੀਆਂ ਚੀਜ਼ਾਂ ਹਨ? ਇਸ ਸਵਾਲ ਦਾ ਜਵਾਬ ਅਸੀਂ ਤਦ ਹੀ ਸਮਝਾਂਗੇ ਜੇ ਅਸੀਂ ਬਾਈਬਲ ਵਿਚ ਦੱਸੀ ਇਹ ਅਹਿਮ ਗੱਲ ਮੰਨੀਏ: “ਸਾਰੀ ਦੁਨੀਆਂ ਉਸ ਦੁਸ਼ਟ ਦੇ ਵੱਸ ਵਿਚ ਹੈ।” 1 ਯੂਹੰਨਾ 5:19) ਇਸ ਆਇਤ ਤੋਂ ਪਤਾ ਲੱਗਦਾ ਹੈ ਕਿ ਦੁਨੀਆਂ ਵਿਚ ਦੁਖਦਾਈ ਹਾਲਾਤਾਂ ਲਈ ਪਰਮੇਸ਼ੁਰ ਜ਼ਿੰਮੇਵਾਰ ਨਹੀਂ ਹੈ, ਸਗੋਂ ਕਈ ਵਾਰ ਇਨ੍ਹਾਂ ਪਿੱਛੇ ਪਰਮੇਸ਼ੁਰ ਦੇ ਉਸ “ਦੁਸ਼ਟ” ਦੁਸ਼ਮਣ ਦਾ ਹੱਥ ਹੁੰਦਾ ਹੈ ਜਿਸ ਨੂੰ ਬਾਈਬਲ ਵਿਚ “ਸ਼ੈਤਾਨ” ਕਿਹਾ ਗਿਆ ਹੈ।—ਪ੍ਰਕਾਸ਼ ਦੀ ਕਿਤਾਬ 12:9, 12.
(ਆਪਣੇ ਮਕਸਦ ਨੂੰ ਪੂਰਾ ਕਰਨ ਲਈ ਪਰਮੇਸ਼ੁਰ ਦਾ ਇਹ ਦੁਸ਼ਮਣ ਲੋਕਾਂ ਨੂੰ ਅਜਿਹੀ ਚੀਜ਼ ਸਮਝਦਾ ਹੈ ਜਿਸ ਨੂੰ ਵਰਤ ਕੇ ਸੁੱਟ ਦਿੱਤਾ ਜਾਂਦਾ ਹੈ। ਸਾਰੀ ਦੁਨੀਆਂ ਉਸ ਦੇ ਵੱਸ ਵਿਚ ਹੋਣ ਕਰਕੇ ਉਹ ਲੋਕਾਂ ਨੂੰ ਆਪਣੇ ਵਰਗੇ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਬਾਰੇ ਗੱਲ ਕਰਦੇ ਹੋਏ ਬਾਈਬਲ ਦੱਸਦੀ ਹੈ ਕਿ ‘ਆਖ਼ਰੀ ਦਿਨਾਂ ਵਿਚ ਲੋਕ ਸੁਆਰਥੀ, ਪੈਸੇ ਦੇ ਪ੍ਰੇਮੀ, ਸ਼ੇਖ਼ੀਬਾਜ਼ ਤੇ ਹੰਕਾਰੀ’ ਹੋਣਗੇ। (2 ਤਿਮੋਥਿਉਸ 3:1, 2) ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਸ਼ੈਤਾਨ ਨੇ ਅਜਿਹੀ ਦੁਨੀਆਂ ਬਣਾਈ ਹੈ ਜੋ ਉਨ੍ਹਾਂ ਲੋਕਾਂ ਕਾਰਨ ਚੱਲਦੀ ਹੈ ਜਿਹੜੇ ਇਸ ਤਰ੍ਹਾਂ ਦੇ ਔਗੁਣ ਆਪਣੇ ਵਿਚ ਪੈਦਾ ਕਰਦੇ ਹਨ। ਉਹ ਖ਼ੁਦਗਰਜ਼ ਤੇ ਲਾਲਚੀ ਰਵੱਈਏ ਨੂੰ ਹੱਲਾਸ਼ੇਰੀ ਦਿੰਦਾ ਹੈ ਜਿਸ ਕਾਰਨ ਲੋਕ ਕੁਦਰਤੀ ਸਾਧਨਾਂ ਦੀ ਲੁੱਟ-ਖਸੁੱਟ ਕਰ ਕੇ ਦੂਜਿਆਂ ਨੂੰ ਹਾਨੀ ਪਹੁੰਚਾਉਂਦੇ ਹਨ।
ਅੱਜ ਦੀ ਲਾਲਚੀ ਦੁਨੀਆਂ ਆਫ਼ਤਾਂ ਦੇ ਵਾਧੇ ਵਿਚ ਕਿਵੇਂ ਹਿੱਸਾ ਪਾਉਂਦੀ ਹੈ? ਸੰਯੁਕਤ ਰਾਸ਼ਟਰ-ਸੰਘ ਨੇ ਦੁਨੀਆਂ ਭਰ ਵਿਚ ਆਉਂਦੀਆਂ ਆਫ਼ਤਾਂ ਬਾਰੇ ਇਕ ਰਿਪੋਰਟ ਵਿਚ ਕਿਹਾ: ‘ਲੋਕਾਂ ਦੀ ਜ਼ਿਆਦਾ ਆਬਾਦੀ ਅਕਸਰ ਅਜਿਹੇ ਖ਼ਤਰਨਾਕ ਇਲਾਕਿਆਂ ਵਿਚ ਹੁੰਦੀ ਹੈ ਜਿੱਥੇ ਹੜ੍ਹ ਆਉਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਇਸ ਤੋਂ ਇਲਾਵਾ, ਜੰਗਲਾਂ ਅਤੇ ਦਲਦਲੀ ਇਲਾਕਿਆਂ ਦੀ ਤਬਾਹੀ ਹੋਣ ਕਾਰਨ ਵਾਤਾਵਰਣ ਦੀ ਖ਼ਤਰਿਆਂ ਦਾ ਸਾਮ੍ਹਣਾ ਕਰਨ ਦੀ ਕਾਬਲੀਅਤ ਘੱਟਦੀ ਜਾ ਰਹੀ ਹੈ। ਇਸ ਤੋਂ ਵੀ ਵੱਡਾ ਖ਼ਤਰਾ ਇਹ ਮੰਡਰਾ ਰਿਹਾ ਹੈ: ਇਨਸਾਨਾਂ ਦੇ ਕੰਮਾਂ ਕਰਕੇ ਗਰੀਨ-ਹਾਊਸ ਗੈਸਾਂ ਦੇ ਵਧਣ ਦੇ ਨਤੀਜੇ ਵਜੋਂ ਦੁਨੀਆਂ ਭਰ ਦੇ ਮੌਸਮ ਵਿਚ ਤਬਦੀਲੀ ਆ ਰਹੀ ਹੈ ਅਤੇ ਸਮੁੰਦਰ ਦੇ ਪਾਣੀ ਦਾ ਪੱਧਰ ਵਧ ਰਿਹਾ ਹੈ।’ ਭਾਵੇਂ ਕਿ ਇਹ ਕਿਹਾ ਜਾਂਦਾ ਹੈ ਕਿ ਆਰਥਿਕ ਤਰੱਕੀ ਲਈ ਇਨਸਾਨ ਇਹ ਕੰਮ ਕਰਦੇ ਹਨ, ਪਰ ਅਸਲ ਵਿਚ ਉਹ ਆਪਣੇ ਸੁਆਰਥ ਤੇ ਲਾਲਚ ਕਰਕੇ ਇਹ ਸਭ ਕਰਦੇ ਹਨ।
ਇਸ ਲਈ ਕਈ ਮਾਹਰ ਹੁਣ ਮੰਨਦੇ ਹਨ ਕਿ ਇਨਸਾਨਾਂ ਦੇ ਬਿਨਾਂ ਸੋਚੇ-ਸਮਝੇ ਕੀਤੇ ਜਾਂਦੇ ਕੰਮਾਂ ਕਾਰਨ ਆਫ਼ਤਾਂ ਦੇ ਜ਼ਿਆਦਾ ਤਬਾਹਕੁਨ ਅਸਰ ਹੋਏ ਹਨ। ਹਕੀਕਤ ਤਾਂ ਇਹ ਹੈ ਕਿ ਸ਼ੈਤਾਨ ਦੇ ਇਸ਼ਾਰਿਆਂ ’ਤੇ ਨੱਚਣ ਵਾਲੇ ਲੋਕਾਂ ਨੇ ਉਸ ਦੁਨੀਆਂ ਦਾ ਸਾਥ ਦਿੱਤਾ ਹੈ ਜਿਸ ਨੂੰ ਵਰਤ ਕੇ ਸ਼ੈਤਾਨ ਨੇ ਆਫ਼ਤਾਂ ਦੁਆਰਾ ਇਨਸਾਨਾਂ ਦੇ ਦੁੱਖਾਂ ਵਿਚ ਵਾਧਾ ਕੀਤਾ ਹੈ।
ਤਾਂ ਫਿਰ, ਅਸੀਂ ਦੇਖ ਸਕਦੇ ਹਾਂ ਕਿ ਬਹੁਤ ਸਾਰੀਆਂ ਆਫ਼ਤਾਂ ਇਨਸਾਨਾਂ ਦੀ ਲਾਪਰਵਾਹੀ ਦਾ ਨਤੀਜਾ ਹਨ। ਕੁਝ ਆਫ਼ਤਾਂ ਇੰਨੀਆਂ ਤਬਾਹਕੁਨ ਨਹੀਂ ਸੀ ਹੋਣੀਆਂ ਜੇ ਇਹ ਕਿਸੇ ਹੋਰ ਜਗ੍ਹਾ ਆਉਂਦੀਆਂ। ਦੁਨੀਆਂ ਦੇ ਕਈ ਹਿੱਸਿਆਂ ਵਿਚ ਦੁਸ਼ਟ ਲੋਕਾਂ ਦੇ ਬੇਈਮਾਨ ਕੰਮਾਂ ਕਰਕੇ ਕੁਦਰਤੀ ਆਫ਼ਤਾਂ ਦਾ ਹੋਰ ਵੀ ਭਿਆਨਕ ਅਸਰ ਪਿਆ ਹੈ। ਨਾਲੇ ਬਹੁਤ ਸਾਰੇ ਗ਼ਰੀਬ ਅਤੇ ਸਮਾਜ ਵਿਚ ਨੀਵੇਂ ਸਮਝੇ ਜਾਂਦੇ ਲੋਕ ਜੋਖਮ ਭਰੇ ਇਲਾਕਿਆਂ ਵਿਚ ਰਹਿਣ ਲਈ ਮਜਬੂਰ ਹੋਏ ਹਨ। ਇਹ ਸੱਚ ਹੈ ਕਿ ਕੁਝ ਲੋਕ ਇਨਸਾਨਾਂ ਦੀ ਗ਼ਲਤੀ ਜਾਂ ਲਾਪਰਵਾਹੀ ਕਰਕੇ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਨਹੀਂ ਹੁੰਦੇ, ਸਗੋਂ ਇਸ ਲਈ ਹੁੰਦੇ ਹਨ ਕਿਉਂਕਿ “ਹਰ ਕਿਸੇ ਉਤੇ ਬੁਰਾ ਸਮਾਂ ਆਉਂਦਾ ਹੈ।”—ਉਪਦੇਸ਼ਕ 9:11, CL.
ਕਿਸੇ ਕੁਦਰਤੀ ਆਫ਼ਤ ਦੇ ਆਉਣ ਦਾ ਜੋ ਵੀ ਕਾਰਨ ਹੋਵੇ, ਫਿਰ ਵੀ ਜੇ ਤੁਸੀਂ ਇਸ ਦਾ ਸ਼ਿਕਾਰ ਹੋ ਜਾਂਦੇ ਹੋ, ਤਾਂ ਤੁਸੀਂ ਇਸ ਨਾਲ ਕਿਵੇਂ ਨਜਿੱਠ ਸਕਦੇ ਹੋ? ਹੁਣ ਅਸੀਂ ਦੇਖਾਂਗੇ ਕਿ ਕੁਦਰਤੀ ਆਫ਼ਤਾਂ ਦੇ ਅਸਰ ਨੂੰ ਘਟਾਉਣ ਲਈ ਅਸੀਂ ਕੀ ਕਰ ਸਕਦੇ ਹਾਂ। (w11-E 12/01)
[ਸਫ਼ਾ 5 ਉੱਤੇ ਤਸਵੀਰ]
ਜ਼ਿਆਦਾ ਆਬਾਦੀ
[ਸਫ਼ਾ 5 ਉੱਤੇ ਤਸਵੀਰ]
ਜੰਗਲਾਂ ਦੀ ਤਬਾਹੀ
[ਸਫ਼ਾ 5 ਉੱਤੇ ਤਸਵੀਰ]
ਪ੍ਰਦੂਸ਼ਣ
[ਸਫ਼ਾ 5 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
ਖੱਬੇ: © Mark Henley/Panos Pictures
ਗੱਭੇ: © Jeroen Oerlemans/Panos Pictures