ਘਰ-ਮਾਲਕ ਨਾਲ ਗੱਲਬਾਤ
ਕੀ ਰੱਬ ਸਾਡੀ ਪਰਵਾਹ ਕਰਦਾ ਹੈ?
ਹੇਠਾਂ ਦਿੱਤੀ ਗੱਲਬਾਤ ਸ਼ਾਇਦ ਯਹੋਵਾਹ ਦਾ ਗਵਾਹ ਪ੍ਰਚਾਰ ਦੌਰਾਨ ਕਿਸੇ ਨਾਲ ਕਰੇ। ਫ਼ਰਜ਼ ਕਰੋ ਕਿ ਮੋਨਿਕਾ ਨਾਂ ਦੀ ਗਵਾਹ ਸੋਨੀਆ ਦੇ ਘਰ ਪ੍ਰਚਾਰ ਕਰਨ ਆਈ ਹੈ।
ਰੱਬ ਦੁੱਖ ਕਿਉਂ ਆਉਣ ਦਿੰਦਾ ਹੈ?
ਮੋਨਿਕਾ: ਨਮਸਤੇ ਭੈਣ ਜੀ, ਅੱਜ ਮੈਂ ਤੁਹਾਡੇ ਇਲਾਕੇ ਵਿਚ ਇਸ ਟ੍ਰੈਕਟ ਤੋਂ ਸਾਰਿਆਂ ਨਾਲ ਗੱਲਬਾਤ ਕਰ ਰਹੀ ਹਾਂ। ਇਸ ਦਾ ਵਿਸ਼ਾ ਹੈ ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ? ਇਹ ਤੁਹਾਡੇ ਲਈ ਹੈ।
ਸੋਨੀਆ: ਕੀ ਤੁਸੀਂ ਰੱਬ ਬਾਰੇ ਗੱਲ ਕਰ ਰਹੇ ਹੋ?
ਮੋਨਿਕਾ: ਹਾਂਜੀ। ਇਸ ਟ੍ਰੈਕਟ ’ਤੇ ਦਿੱਤੇ ਛੇ ਸਵਾਲਾਂ ਉੱਤੇ ਗੌਰ ਕਰੋ। ਇਨ੍ਹਾਂ ਵਿੱਚੋਂ ਕਿਹੜੇ ਸਵਾਲ—
ਸੋਨੀਆ: ਮੈਂ ਰੱਬ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦੀ। ਮੇਰੇ ਨਾਲ ਗੱਲ ਕਰ ਕੇ ਤੁਹਾਡਾ ਹੀ ਟਾਈਮ ਖ਼ਰਾਬ ਹੋਣਾ।
ਮੋਨਿਕਾ: ਤੁਹਾਨੂੰ ਇੱਦਾਂ ਕਿਉਂ ਲੱਗਦਾ?
ਸੋਨੀਆ: ਸੱਚ ਦੱਸਾਂ ਤਾਂ ਰੱਬ ਤੋਂ ਮੇਰਾ ਵਿਸ਼ਵਾਸ ਹੀ ਉੱਠ ਗਿਆ। ਪਹਿਲਾਂ ਤਾਂ ਮੈਂ ਰੱਬ ’ਤੇ ਵਿਸ਼ਵਾਸ ਕਰਦੀ ਹੁੰਦੀ ਸੀ, ਪਰ ਹੁਣ ਨਹੀਂ ਕਰਦੀ।
ਮੋਨਿਕਾ: ਕੀ ਮੈਂ ਪੁੱਛ ਸਕਦੀ ਹਾਂ ਕਿ ਕਿਸ ਵਜ੍ਹਾ ਕਰਕੇ ਰੱਬ ਤੋਂ ਤੁਹਾਡਾ ਵਿਸ਼ਵਾਸ ਉੱਠ ਗਿਆ?
ਸੋਨੀਆ: ਅੱਜ ਤੋਂ 17 ਸਾਲ ਪਹਿਲਾਂ ਮੇਰੇ ਮੰਮੀ ਜੀ ਦਾ ਕਾਰ ਨਾਲ ਐਕਸੀਡੈਂਟ ਹੋ ਗਿਆ ਸੀ।
ਮੋਨਿਕਾ: ਭੈਣ ਜੀ, ਇਹ ਸੁਣ ਕੇ ਮੈਨੂੰ ਬਹੁਤ ਦੁੱਖ ਲੱਗਾ। ਹੁਣ ਤੁਹਾਡੇ ਮੰਮੀ ਜੀ ਕਿੱਦਾਂ?
ਸੋਨੀਆ: ਉਨ੍ਹਾਂ ਨੂੰ ਤਾਂ ਉਸੇ ਦਿਨ ਤੋਂ ਅਧਰੰਗ ਹੋ ਗਿਆ ਸੀ।
ਮੋਨਿਕਾ: ਇਹ ਤਾਂ ਬੜੇ ਦੁੱਖ ਦੀ ਗੱਲ ਹੈ।
ਸੋਨੀਆ: ਹੂੰ, ਮੈਂ ਕਈ ਵੇਲੇ ਸੋਚਦੀ ਹਾਂ ਕਿ ਜੇ ਰੱਬ ਹੈ, ਤਾਂ ਉਸ ਨੇ ਇੱਦਾਂ ਕਿਉਂ ਹੋਣ ਦਿੱਤਾ?
ਕੀ ਇਹ ਪੁੱਛਣਾ ਗ਼ਲਤ ਹੈ ਕਿ ਰੱਬ ਦੁੱਖ ਕਿਉਂ ਆਉਣ ਦਿੰਦਾ ਹੈ?
ਮੋਨਿਕਾ: ਮੈਂ ਸਮਝ ਸਕਦੀ ਹਾਂ ਕਿ ਤੁਸੀਂ ਇੱਦਾਂ ਕਿਉਂ ਸੋਚਦੇ ਹੋ। ਜਦੋਂ ਸਾਡੇ ਉੱਤੇ ਕੋਈ ਦੁੱਖ ਆਉਂਦਾ ਹੈ, ਤਾਂ ਅਸੀਂ ਸੋਚਦੇ ਹਾਂ ਕਿ ਸਾਡੇ ਨਾਲ ਹੀ ਇੱਦਾਂ ਕਿਉਂ ਹੋਇਆ। ਬਾਈਬਲ ਵਿਚ ਵੀ ਰੱਬ ਦੇ ਵਫ਼ਾਦਾਰ ਭਗਤਾਂ ਨੇ ਅਜਿਹਾ ਸੋਚਿਆ ਸੀ।
ਸੋਨੀਆ: ਅੱਛਾ?
ਮੋਨਿਕਾ: ਹਾਂਜੀ, ਕੀ ਮੈਂ ਤੁਹਾਨੂੰ ਬਾਈਬਲ ਵਿੱਚੋਂ ਇਕ ਮਿਸਾਲ ਦਿਖਾ ਸਕਦੀ?
ਸੋਨੀਆ: ਠੀਕ ਹੈ।
ਮੋਨਿਕਾ: ਦੇਖੋ ਕਿ ਪਰਮੇਸ਼ੁਰ ਦੇ ਵਫ਼ਾਦਾਰ ਨਬੀ ਹਬੱਕੂਕ ਨੇ ਰੱਬ ਨੂੰ ਕੀ ਪੁੱਛਿਆ। ਮੇਰੇ ਨਾਲ ਹਬੱਕੂਕ ਦੇ ਪਹਿਲੇ ਅਧਿਆਇ ਦੀ ਦੂਸਰੀ ਤੇ ਤੀਸਰੀ ਆਇਤ ਪੜ੍ਹੋ: “ਹੇ ਯਹੋਵਾਹ, ਮੈਂ ਕਦ ਤਾਈਂ ਦੁਹਾਈ ਦਿਆਂ, ਅਤੇ ਤੂੰ ਨਾ ਸੁਣੇਂਗਾ? ਯਾ ਮੈਂ ਤੇਰੇ ਅੱਗੇ “ਜ਼ੁਲਮ” ਚਿੱਲਾਵਾਂ, ਅਤੇ ਤੂੰ ਨਾ ਬਚਾਵੇਂਗਾ? ਤੂੰ ਮੈਨੂੰ ਬਦੀ ਕਿਉਂ ਵਿਖਾਉਂਦਾ ਹੈਂ।” ਕੀ ਤੁਸੀਂ ਵੀ ਅਜਿਹੇ ਸਵਾਲ ਪੁੱਛੇ ਹਨ?
ਸੋਨੀਆ: ਹਾਂ, ਬਿਲਕੁਲ।
ਮੋਨਿਕਾ: ਰੱਬ ਨੇ ਹਬੱਕੂਕ ਨੂੰ ਅਜਿਹੇ ਸਵਾਲ ਪੁੱਛਣ ਕਰਕੇ ਨਾ ਹੀ ਕਦੇ ਝਿੜਕਿਆ ਸੀ ਤੇ ਨਾ ਹੀ ਉਸ ਨੂੰ ਕਿਹਾ ਕਿ ਉਸ ਨੂੰ ਹੋਰ ਨਿਹਚਾ ਦੀ ਲੋੜ ਸੀ।
ਸੋਨੀਆ: ਅੱਛਾ?
ਯਹੋਵਾਹ ਸਾਡੇ ਦੁੱਖ ਦੇਖ ਕੇ ਦੁਖੀ ਹੁੰਦਾ ਹੈ
ਮੋਨਿਕਾ: ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਰੱਬ ਸਾਡੇ ਦੁੱਖ ਦੇਖਦਾ ਹੈ ਅਤੇ ਉਹ ਸਮਝਦਾ ਹੈ ਕਿ ਸਾਡੇ ’ਤੇ ਕੀ ਬੀਤ ਰਹੀ ਹੈ।
ਸੋਨੀਆ: ਸੱਚੀਂ?
ਮੋਨਿਕਾ: ਆਓ ਮੈਂ ਤੁਹਾਨੂੰ ਕੂਚ 3:7 ਤੋਂ ਇਕ ਮਿਸਾਲ ਦਿਖਾਵਾਂ। ਕੀ ਤੁਸੀਂ ਪੜ੍ਹ ਸਕਦੇ ਹੋ?
ਸੋਨੀਆ: ਲਿਖਿਆ ਹੈ: “ਯਹੋਵਾਹ ਨੇ ਆਖਿਆ, ਮੈਂ ਆਪਣੀ ਪਰਜਾ ਦੀ ਮੁਸੀਬਤ ਨੂੰ ਜਿਹੜੀ ਮਿਸਰ ਵਿੱਚ ਹੈ ਸੱਚ ਮੁੱਚ ਵੇਖਿਆ ਹੈ ਅਰ ਉਨ੍ਹਾਂ ਦੀ ਦੁਹਾਈ ਜੋ ਉਨ੍ਹਾਂ ਤੋਂ ਬੇਗਾਰ ਕਰਾਉਣ ਵਾਲਿਆਂ ਦੇ ਕਾਰਨ ਹੈ ਸੁਣੀ ਕਿਉਂ ਜੋ ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ।”
ਮੋਨਿਕਾ: ਇਸ ਆਇਤ ਮੁਤਾਬਕ ਕੀ ਰੱਬ ਦੇਖਦਾ ਹੈ ਜਦੋਂ ਉਸ ਦੇ ਲੋਕ ਦੁੱਖ ਝੱਲਦੇ ਹਨ?
ਸੋਨੀਆ: ਲੱਗਦਾ ਤਾਂ ਹੈ।
ਮੋਨਿਕਾ: ਇੱਥੋਂ ਅਸੀਂ ਜਾਣ ਸਕਦੇ ਹਾਂ ਕਿ ਉਸ ਨੂੰ ਸਿਰਫ਼ ਥੋੜ੍ਹਾ ਜਿਹਾ ਹੀ ਨਹੀਂ ਪਤਾ ਕਿ ਕੀ ਹੁੰਦਾ ਹੈ। ਇਸ ਹਵਾਲੇ ਦੀਆਂ ਅਖ਼ੀਰਲੀਆਂ ਲਾਈਨਾਂ ਵਿਚ ਦੇਖੋ ਕੀ ਲਿਖਿਆ ਹੈ। ਰੱਬ ਕਹਿੰਦਾ ਹੈ: “ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ।” ਜੇ ਰੱਬ ਨੂੰ ਆਪਣੇ ਲੋਕਾਂ ਦੀ ਪਰਵਾਹ ਨਾ ਹੁੰਦੀ, ਤਾਂ ਕੀ ਉਹ ਇੱਦਾਂ ਕਹਿੰਦਾ?
ਸੋਨੀਆ: ਨਹੀਂ।
ਮੋਨਿਕਾ: ਸੋ ਰੱਬ ਸਿਰਫ਼ ਸਾਡੀਆਂ ਸਮੱਸਿਆਵਾਂ ਨੂੰ ਦੇਖਦਾ ਹੀ ਨਹੀਂ, ਸਗੋਂ ਉਸ ਨੂੰ ਦੁੱਖ ਵੀ ਲੱਗਦਾ ਹੈ ਜਦੋਂ ਅਸੀਂ ਦੁੱਖ ਝੱਲਦੇ ਹਾਂ।
ਸੋਨੀਆ: ਅੱਛਾ।
ਮੋਨਿਕਾ: ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਆਓ ਆਪਾਂ ਇਕ ਹੋਰ ਹਵਾਲਾ ਪੜ੍ਹੀਏ ਜਿੱਥੇ ਦੱਸਿਆ ਗਿਆ ਹੈ ਕਿ ਰੱਬ ਦੇ ਲੋਕ ਦੁੱਖ ਝੱਲ ਰਹੇ ਸਨ। ਯਸਾਯਾਹ 63:9 ਦੇ ਪਹਿਲੇ ਭਾਗ ਵਿਚ ਲਿਖਿਆ ਹੈ: “ਓਹਨਾਂ ਦੇ ਸਭ ਦੁਖਾਂ ਵਿੱਚ ਉਹ ਦੁਖੀ ਹੋਇਆ।” ਕੀ ਤੁਹਾਨੂੰ ਲੱਗਦਾ ਕਿ ਆਪਣੇ ਲੋਕਾਂ ਨੂੰ ਦੁੱਖ ਝੱਲਦੇ ਦੇਖ ਕੇ ਰੱਬ ਨੂੰ ਕੋਈ ਫ਼ਰਕ ਪਿਆ?
ਸੋਨੀਆ: ਹਾਂਜੀ, ਲੱਗਦਾ ਤਾਂ ਇੱਦਾਂ ਹੀ ਹੈ।
ਮੋਨਿਕਾ: ਬਿਲਕੁਲ ਠੀਕ। ਰੱਬ ਸਾਡੀ ਸਾਰਿਆਂ ਦੀ ਪਰਵਾਹ ਕਰਦਾ ਹੈ ਤੇ ਸਾਡੀ ਪੀੜ ਸਮਝਦਾ ਹੈ।
ਉਸ ਨੇ ਅਜੇ ਤਕ ਕੁਝ ਕੀਤਾ ਕਿਉਂ ਨਹੀਂ?
ਮੋਨਿਕਾ: ਭੈਣ ਜੀ, ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇਕ ਹੋਰ ਗੱਲ ਦੱਸਣਾ ਚਾਹੁੰਦੀ ਹਾਂ।
ਸੋਨੀਆ: ਦੱਸੋ।
ਮੋਨਿਕਾ: ਦੇਖੋ ਕਿ ਬਾਈਬਲ ਰੱਬ ਦੀ ਸ਼ਕਤੀ ਬਾਰੇ ਕੀ ਦੱਸਦੀ ਹੈ। ਕੀ ਤੁਸੀਂ ਯਿਰਮਿਯਾਹ 10:12 ਪੜ੍ਹੋਗੇ?
ਸੋਨੀਆ: ਹਾਂਜੀ। ਲਿਖਿਆ ਹੈ: “ਉਸ ਨੇ ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਇਆ, ਉਸ ਆਪਣੀ ਬੁੱਧ ਨਾਲ ਜਗਤ ਨੂੰ ਕਾਇਮ ਕੀਤਾ ਹੈ, ਆਪਣੀ ਸਮਝ ਨਾਲ ਅਕਾਸ਼ਾਂ ਨੂੰ ਤਾਣਿਆ ਹੈ।”
ਮੋਨਿਕਾ: ਸੋ ਇਸ ਹਵਾਲੇ ਬਾਰੇ ਸੋਚੋ। ਕੀ ਰੱਬ ਨੂੰ ਇਸ ਵਿਸ਼ਾਲ ਬ੍ਰਹਿਮੰਡ ਵਿਚ ਹਰ ਚੀਜ਼ ਬਣਾਉਣ ਲਈ ਸ਼ਕਤੀ ਚਾਹੀਦੀ ਸੀ?
ਸੋਨੀਆ: ਹਾਂਜੀ, ਬਿਲਕੁਲ।
ਮੋਨਿਕਾ: ਜੇ ਰੱਬ ਕੋਲ ਹਰ ਚੀਜ਼ ਬਣਾਉਣ ਦੀ ਸ਼ਕਤੀ ਹੈ, ਤਾਂ ਕੀ ਉਹ ਸਾਡੇ ਦੁੱਖਾਂ ਨੂੰ ਖ਼ਤਮ ਨਹੀਂ ਕਰ ਸਕਦਾ?
ਸੋਨੀਆ: ਬਿਲਕੁਲ ਕਰ ਸਕਦਾ।
ਮੋਨਿਕਾ: ਫਿਰ ਤੋਂ ਆਪਣੇ ਮੰਮੀ ਜੀ ਬਾਰੇ ਸੋਚੋ। ਉਨ੍ਹਾਂ ਨੂੰ ਦੁਖੀ ਦੇਖ ਕੇ ਤੁਹਾਨੂੰ ਕਿਉਂ ਦੁੱਖ ਲੱਗਦਾ?
ਸੋਨੀਆ: ਕਿਉਂਕਿ ਮੈਂ ਉਨ੍ਹਾਂ ਨੂੰ ਪਿਆਰ ਕਰਦੀ ਹਾਂ ਅਤੇ ਉਹ ਮੇਰੇ ਮੰਮੀ ਜੀ ਹਨ।
ਮੋਨਿਕਾ: ਜੇ ਤੁਹਾਡੇ ਕੋਲ ਉਨ੍ਹਾਂ ਦਾ ਦੁੱਖ ਦੂਰ ਕਰਨ ਦੀ ਤਾਕਤ ਹੁੰਦੀ, ਤਾਂ ਕੀ ਤੁਸੀਂ ਨਹੀਂ ਕਰਦੇ?
ਸੋਨੀਆ: ਹਾਂ, ਜ਼ਰੂਰ ਕਰਦੀ।
ਮੋਨਿਕਾ: ਬਾਈਬਲ ਸਿਖਾਉਂਦੀ ਹੈ ਕਿ ਰੱਬ ਸਾਡੇ ਦੁੱਖ ਦੇਖਦਾ ਹੈ, ਸਾਡੇ ਦੁੱਖ ਦੇਖ ਕੇ ਉਸ ਨੂੰ ਦੁੱਖ ਲੱਗਦਾ ਹੈ ਅਤੇ ਉਹ ਸਰਬਸ਼ਕਤੀਮਾਨ ਹੈ। ਤਾਂ ਫਿਰ, ਰੱਬ ਨੇ ਅਜੇ ਤਕ ਸਾਡੇ ਦੁੱਖ ਦੂਰ ਕਿਉਂ ਨਹੀਂ ਕੀਤੇ?
ਸੋਨੀਆ: ਪਤਾ ਨਹੀਂ।
ਮੋਨਿਕਾ: ਕੀ ਸ਼ਾਇਦ ਇੱਦਾਂ ਹੋ ਸਕਦਾ ਹੈ ਕਿ ਰੱਬ ਨੇ ਕਿਸੇ ਕਾਰਨ ਕਰਕੇ ਸਾਡੀਆਂ ਸਮੱਸਿਆਵਾਂ ਨੂੰ ਖ਼ਤਮ ਨਹੀਂ ਕੀਤਾ? *
ਸੋਨੀਆ: ਹਾਂ, ਸ਼ਾਇਦ।
ਮੋਨਿਕਾ: ਕੀ ਮੈਂ ਦੁਬਾਰਾ ਆ ਕੇ ਤੁਹਾਡੇ ਨਾਲ ਇਸ ਬਾਰੇ ਗੱਲ ਕਰ ਸਕਦੀ ਹਾਂ? ਮੇਰਾ ਨਾਂ ਮੋਨਿਕਾ ਹੈ। ਭੈਣ ਜੀ, ਤੁਹਾਡਾ ਨਾਂ ਕੀ ਹੈ?
ਸੋਨੀਆ: ਮੇਰਾ ਨਾਂ ਸੋਨੀਆ ਹੈ। ਤੁਸੀਂ ਆ ਸਕਦੇ ਹੋ। (w13-E 07/01)
ਕੀ ਤੁਸੀਂ ਬਾਈਬਲ ਦੇ ਕਿਸੇ ਵਿਸ਼ੇ ਬਾਰੇ ਜਾਣਨਾ ਚਾਹੁੰਦੇ ਹੋ? ਕੀ ਤੁਸੀਂ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸਾਂ ਬਾਰੇ ਜਾਣਨਾ ਚਾਹੁੰਦੇ ਹੋ? ਜੇ ਹਾਂ, ਤਾਂ ਯਹੋਵਾਹ ਦੇ ਕਿਸੇ ਗਵਾਹ ਨਾਲ ਗੱਲ ਕਰੋ। ਉਹ ਤੁਹਾਡੇ ਨਾਲ ਇਸ ਬਾਰੇ ਗੱਲ ਕਰਨ ਲਈ ਤਿਆਰ ਹੋਵੇਗਾ।
^ ਪੇਰਗ੍ਰੈਫ 55 ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ ਗਿਆਰਵਾਂ ਅਧਿਆਇ ਦੇਖੋ।