ਬਾਈਬਲ ਬਦਲਦੀ ਹੈ ਜ਼ਿੰਦਗੀਆਂ
ਬਾਈਬਲ ਤੋਂ ਮਿਲੇ ਮੇਰੇ ਸਵਾਲਾਂ ਦੇ ਜਵਾਬ
-
ਜਨਮ: 1987
-
ਦੇਸ਼: ਅਜ਼ਰਬਾਈਜਾਨ
-
ਅਤੀਤ: ਮੁਸਲਿਮ ਪਿਤਾ ਤੇ ਯਹੂਦੀ ਮਾਂ
ਮੇਰੇ ਅਤੀਤ ਬਾਰੇ ਕੁਝ ਗੱਲਾਂ:
ਮੇਰਾ ਜਨਮ ਬਾਕੂ, ਅਜ਼ਰਬਾਈਜਾਨ ਵਿਚ ਹੋਇਆ ਤੇ ਮੇਰੀ ਇਕ ਵੱਡੀ ਭੈਣ ਸੀ। ਮੇਰੇ ਡੈਡੀ ਜੀ ਮੁਸਲਿਮ ਸਨ ਤੇ ਮੇਰੇ ਮੰਮੀ ਜੀ ਯਹੂਦੀ। ਮੇਰੇ ਮਾਪੇ ਇਕ-ਦੂਜੇ ਨੂੰ ਪਿਆਰ ਕਰਦੇ ਸਨ ਤੇ ਉਹ ਇਕ-ਦੂਜੇ ਦੇ ਧਰਮ ਦੀ ਇੱਜ਼ਤ ਕਰਦੇ ਸਨ। ਜਦੋਂ ਡੈਡੀ ਜੀ ਰਮਜ਼ਾਨ ਮਹੀਨੇ ਵਿਚ ਰੋਜ਼ੇ ਰੱਖਦੇ ਸਨ, ਤਾਂ ਮੇਰੇ ਮੰਮੀ ਜੀ ਬੁਰਾ ਨਹੀਂ ਸੀ ਮਨਾਉਂਦੇ ਤੇ ਉਨ੍ਹਾਂ ਦਾ ਸਾਥ ਦਿੰਦੇ ਸਨ। ਨਾਲੇ ਜਦੋਂ ਮੰਮੀ ਜੀ ਪਸਾਹ ਦਾ ਤਿਉਹਾਰ ਮਨਾਉਂਦੇ ਸਨ, ਤਾਂ ਡੈਡੀ ਜੀ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਸੀ। ਸਾਡੇ ਘਰ ਵਿਚ ਕੁਰਾਨ, ਤੌਰਾਤ ਤੇ ਬਾਈਬਲ ਸਨ।
ਮੈਂ ਆਪਣੇ ਆਪ ਨੂੰ ਮੁਸਲਿਮ ਮੰਨਦੀ ਸੀ। ਭਾਵੇਂ ਕਿ ਮੈਂ ਮੰਨਦੀ ਸੀ ਕਿ ਰੱਬ ਹੈ, ਪਰ ਫਿਰ ਵੀ ਕਈ ਸਵਾਲ ਸਨ ਜੋ ਮੈਨੂੰ ਪਰੇਸ਼ਾਨ ਕਰਦੇ ਸਨ। ਮੈਂ ਸੋਚਦੀ ਸੀ, ‘ਖ਼ੁਦਾ ਨੇ ਇਨਸਾਨਾਂ ਨੂੰ ਕਿਉਂ ਬਣਾਇਆ? ਇਸ ਤਰ੍ਹਾਂ ਦੀ ਜ਼ਿੰਦਗੀ ਦਾ ਕੀ ਫ਼ਾਇਦਾ ਜੇ ਇਨਸਾਨ ਨੇ ਸਾਰੀ ਜ਼ਿੰਦਗੀ ਦੁੱਖ ਭੋਗ ਕੇ ਨਰਕ ਦੀ ਅੱਗ ਵਿਚ ਹੀ ਤੜਫ਼ਣਾ ਹੈ?’ ਲੋਕ ਕਹਿੰਦੇ ਹਨ ਕਿ ਰੱਬ ਦੀ ਮਰਜ਼ੀ ਬਿਨਾਂ ਤਾਂ ਪੱਤਾ ਵੀ ਨਹੀਂ ਹਿਲਦਾ, ਇਸ ਕਰਕੇ ਮੈਂ ਸੋਚਦੀ ਸੀ, ‘ਕੀ ਰੱਬ ਲੋਕਾਂ ਨੂੰ ਦੁੱਖ ਦੇ ਕੇ ਸਿਰਫ਼ ਤਮਾਸ਼ਾ ਹੀ ਦੇਖਦਾ ਰਹਿੰਦਾ ਹੈ?’
ਜਦੋਂ ਮੈਂ 12 ਸਾਲਾਂ ਦੀ ਸੀ, ਤਾਂ ਮੈਂ ਨਮਾਜ਼ ਪੜ੍ਹਨੀ ਸ਼ੁਰੂ ਕੀਤੀ ਜੋ ਕਿ ਮੁਸਲਮਾਨ ਦਿਨ ਵਿਚ ਪੰਜ ਵਾਰ ਕਰਦੇ ਹਨ। ਇਸ ਸਮੇਂ ਦੌਰਾਨ ਮੇਰੇ ਡੈਡੀ ਜੀ ਨੇ ਮੈਨੂੰ ਤੇ ਮੇਰੀ ਭੈਣ ਨੂੰ ਯਹੂਦੀ ਸਕੂਲ ਭੇਜਿਆ। ਉੱਥੇ ਸਾਨੂੰ ਹੋਰ ਵਿਸ਼ਿਆਂ ਦੇ ਨਾਲ-ਨਾਲ ਤੌਰਾਤ ਦੇ ਰੀਤੀ-ਰਿਵਾਜ ਤੇ ਇਬਰਾਨੀ ਭਾਸ਼ਾ ਸਿਖਾਈ ਜਾਂਦੀ ਸੀ। ਰੋਜ਼ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਸਾਨੂੰ ਯਹੂਦੀ ਰੀਤ ਅਨੁਸਾਰ ਪ੍ਰਾਰਥਨਾ ਕਰਨੀ ਪੈਂਦੀ ਸੀ। ਸਵੇਰ ਨੂੰ ਮੈਂ ਘਰ ਵਿਚ ਨਮਾਜ਼ ਪੜ੍ਹਦੀ ਸੀ ਤੇ ਬਾਅਦ ਵਿਚ ਸਕੂਲ ਵਿਚ ਯਹੂਦੀ ਪ੍ਰਾਰਥਨਾ ਕਰਦੀ ਸੀ।
ਮੈਂ ਤਰਸਦੀ ਸੀ ਕਿ ਮੈਨੂੰ ਮੇਰੇ ਸਵਾਲਾਂ ਦੇ ਸਹੀ-ਸਹੀ ਜਵਾਬ ਮਿਲਣ। ਮੈਂ ਸਕੂਲ ਵਿਚ ਗੁਰੂਆਂ ਨੂੰ ਵਾਰ-ਵਾਰ ਸਵਾਲ ਪੁੱਛਦੀ ਸੀ: “ਰੱਬ ਨੇ ਇਨਸਾਨਾਂ ਨੂੰ ਕਿਉਂ ਬਣਾਇਆ? ਰੱਬ ਮੇਰੇ ਮੁਸਲਿਮ ਪਿਤਾ ਬਾਰੇ ਕੀ ਸੋਚਦਾ ਹੈ? ਉਹ ਇਕ ਚੰਗੇ ਆਦਮੀ ਹਨ, ਪਰ ਉਨ੍ਹਾਂ ਨੂੰ ਨਾਪਾਕ ਕਿਉਂ ਸਮਝਿਆ ਜਾਂਦਾ ਹੈ? ਰੱਬ ਨੇ ਉਨ੍ਹਾਂ ਨੂੰ ਕਿਉਂ ਬਣਾਇਆ ਹੈ?” ਉਨ੍ਹਾਂ ਦੇ ਜਵਾਬ ਬੇਤੁਕੇ ਸਨ ਤੇ ਮੈਨੂੰ ਉਨ੍ਹਾਂ ’ਤੇ ਯਕੀਨ ਨਹੀਂ ਹੋਇਆ।
ਮੇਰੀ ਜ਼ਿੰਦਗੀ ’ਤੇ ਬਾਈਬਲ ਦਾ ਅਸਰ:
2002 ਵਿਚ ਰੱਬ ’ਤੇ ਮੇਰਾ ਵਿਸ਼ਵਾਸ ਚੂਰ-ਚੂਰ ਹੋ ਗਿਆ। ਜਰਮਨੀ ਵਿਚ ਵੱਸਣ ਤੋਂ ਇਕ ਹਫ਼ਤੇ ਬਾਅਦ ਹੀ ਮੇਰੇ
ਪਿਤਾ ਜੀ ਨੂੰ ਦਿਮਾਗ਼ ਦਾ ਦੌਰਾ (ਸਟ੍ਰੋਕ) ਪੈ ਗਿਆ ਤੇ ਉਹ ਕੋਮਾ ਵਿਚ ਚਲੇ ਗਏ। ਮੈਂ ਕਈ ਸਾਲਾਂ ਤਕ ਆਪਣੇ ਪਰਿਵਾਰ ਦੀ ਸਿਹਤ ਤੇ ਖ਼ੁਸ਼ਹਾਲੀ ਲਈ ਪ੍ਰਾਰਥਨਾ ਕਰਦੀ ਰਹੀ। ਮੈਨੂੰ ਇਸ ਗੱਲ ਦਾ ਯਕੀਨ ਸੀ ਕਿ ਜ਼ਿੰਦਗੀ ਤੇ ਮੌਤ ਸਿਰਫ਼ ਉੱਪਰ ਵਾਲੇ ਦੇ ਹੱਥਾਂ ਵਿਚ ਹੈ, ਇਸ ਲਈ ਮੈਂ ਹਰ ਰੋਜ਼ ਆਪਣੇ ਡੈਡੀ ਜੀ ਦੀ ਜ਼ਿੰਦਗੀ ਦੀ ਭੀਖ ਮੰਗਦੀ ਹੁੰਦੀ ਸੀ। ਮੈਂ ਸੋਚਦੀ ਸੀ, ‘ਇਕ ਛੋਟੀ ਕੁੜੀ ਦੀ ਇਹ ਇੱਛਾ ਪੂਰੀ ਕਰਨੀ ਰੱਬ ਲਈ ਤਾਂ ਕੋਈ ਵੱਡੀ ਗੱਲ ਨਹੀਂ ਹੈ।’ ਮੈਨੂੰ ਪੂਰਾ ਭਰੋਸਾ ਸੀ ਕਿ ਉਹ ਮੇਰੀਆਂ ਪ੍ਰਾਰਥਨਾਵਾਂ ਜ਼ਰੂਰ ਸੁਣੇਗਾ। ਪਰ ਮੇਰੇ ਪਿਤਾ ਜੀ ਦੀ ਮੌਤ ਹੋ ਗਈ।ਮੈਨੂੰ ਲੱਗਾ ਕਿ ਰੱਬ ਨੂੰ ਮੇਰੀ ਕੋਈ ਪਰਵਾਹ ਨਹੀਂ ਹੈ ਜਿਸ ਕਰਕੇ ਮੈਨੂੰ ਬਹੁਤ ਵੱਡਾ ਧੱਕਾ ਲੱਗਾ। ਮੈਂ ਸੋਚਣ ਲੱਗੀ, ‘ਜਾਂ ਤਾਂ ਮੈਂ ਗ਼ਲਤ ਤਰੀਕੇ ਨਾਲ ਪ੍ਰਾਰਥਨਾ ਕਰ ਰਹੀ ਹਾਂ ਜਾਂ ਰੱਬ ਹੈ ਹੀ ਨਹੀਂ।’ ਮੈਂ ਸੁੰਨ ਹੀ ਹੋ ਗਈ ਤੇ ਮੇਰਾ ਨਮਾਜ਼ ਪੜ੍ਹਨ ਨੂੰ ਦਿਲ ਨਹੀਂ ਸੀ ਕਰਦਾ। ਹੋਰ ਧਰਮਾਂ ਦੀਆਂ ਗੱਲਾਂ ਵੀ ਮੇਰੀ ਸਮਝ ਵਿਚ ਨਹੀਂ ਆਈਆਂ ਜਿਸ ਕਰਕੇ ਮੈਂ ਸੋਚਿਆ ਕਿ ਰੱਬ ਹੈ ਹੀ ਨਹੀਂ।
ਛੇ ਮਹੀਨਿਆਂ ਬਾਅਦ ਯਹੋਵਾਹ ਦੇ ਗਵਾਹ ਸਾਡੇ ਘਰ ਆਏ। ਅਸੀਂ ਈਸਾਈ-ਧਰਮ ਨੂੰ ਚੰਗਾ ਨਹੀਂ ਸੀ ਸਮਝਦੇ, ਪਰ ਮੈਂ ਤੇ ਮੇਰੀ ਭੈਣ ਉਨ੍ਹਾਂ ਨੂੰ ਪਿਆਰ ਨਾਲ ਦੱਸਣਾ ਚਾਹੁੰਦੀਆਂ ਸੀ ਕਿ ਉਨ੍ਹਾਂ ਦਾ ਧਰਮ ਗ਼ਲਤ ਹੈ। ਅਸੀਂ ਉਨ੍ਹਾਂ ਨੂੰ ਪੁੱਛਿਆ: “ਈਸਾਈ ਲੋਕ ਯਿਸੂ, ਕ੍ਰਾਸ, ਮਰੀਅਮ ਤੇ ਹੋਰ ਮੂਰਤੀਆਂ ਦੀ ਪੂਜਾ ਕਿਉਂ ਕਰਦੇ ਹਨ ਜਦਕਿ 10 ਹੁਕਮਾਂ ਵਿਚ ਇਸ ਤਰ੍ਹਾਂ ਕਰਨ ਤੋਂ ਮਨ੍ਹਾ ਕੀਤਾ ਗਿਆ ਹੈ?” ਉਨ੍ਹਾਂ ਨੇ ਬਾਈਬਲ ਵਿੱਚੋਂ ਸਾਨੂੰ ਸਾਫ਼-ਸਾਫ਼ ਸਬੂਤ ਦਿੱਤੇ ਕਿ ਸੱਚੇ ਮਸੀਹੀਆਂ ਨੂੰ ਮੂਰਤੀ-ਪੂਜਾ ਕਰਨ ਤੋਂ ਮਨ੍ਹਾ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਸਿਰਫ਼ ਰੱਬ ਨੂੰ ਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਇਹ ਸੁਣ ਕੇ ਮੈਂ ਹੈਰਾਨ ਰਹਿ ਗਈ।
ਫਿਰ ਅਸੀਂ ਪੁੱਛਿਆ: “ਤ੍ਰਿਏਕ ਬਾਰੇ ਕੀ? ਜੇ ਯਿਸੂ ਰੱਬ ਹੈ, ਤਾਂ ਉਹ ਧਰਤੀ ’ਤੇ ਕਿਵੇਂ ਰਹਿ ਸਕਦਾ ਸੀ ਤੇ ਇਨਸਾਨਾਂ ਦੁਆਰਾ ਮਾਰਿਆ ਜਾ ਸਕਦਾ ਸੀ?” ਉਨ੍ਹਾਂ ਨੇ ਫਿਰ ਮੇਰੇ ਸਵਾਲਾਂ ਦੇ ਜਵਾਬ ਬਾਈਬਲ ਵਿੱਚੋਂ ਦਿੱਤੇ ਤੇ ਸਮਝਾਇਆ ਕਿ ਯਿਸੂ ਨਾ ਤਾਂ ਰੱਬ ਹੈ ਤੇ ਨਾ ਹੀ ਉਸ ਦੇ ਬਰਾਬਰ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਕਾਰਨ ਕਰਕੇ ਉਹ ਤ੍ਰਿਏਕ ’ਤੇ ਵਿਸ਼ਵਾਸ ਨਹੀਂ ਕਰਦੇ। ਮੈਂ ਹੈਰਾਨ ਰਹਿ ਗਈ ਤੇ ਸੋਚਿਆ, ‘ਇਹ ਮਸੀਹੀ ਅਲੱਗ ਹੀ ਹਨ।’
ਫਿਰ ਵੀ ਮੈਂ ਜਾਣਨਾ ਚਾਹੁੰਦੀ ਸੀ ਕਿ ਲੋਕ ਕਿਉਂ ਮਰਦੇ ਹਨ ਤੇ ਰੱਬ ਦੁੱਖ ਕਿਉਂ ਦਿੰਦਾ ਹੈ। ਗਵਾਹਾਂ ਨੇ ਮੈਨੂੰ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ * ਕਿਤਾਬ ਦਿਖਾਈ ਜਿਸ ਵਿਚ ਮੇਰੇ ਸਾਰੇ ਸਵਾਲਾਂ ਦੇ ਜਵਾਬ ਸਨ। ਉਨ੍ਹਾਂ ਨੇ ਜਲਦੀ ਹੀ ਮੇਰੇ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ।
ਹਰ ਸਟੱਡੀ ਵਿਚ ਮੈਨੂੰ ਮੇਰੇ ਸਵਾਲਾਂ ਦੇ ਬਾਈਬਲ-ਆਧਾਰਿਤ ਸਹੀ ਜਵਾਬ ਮਿਲਦੇ ਸਨ। ਮੈਨੂੰ ਪਤਾ ਲੱਗਾ ਕਿ ਰੱਬ ਦਾ ਨਾਂ ਯਹੋਵਾਹ ਹੈ। (ਜ਼ਬੂਰਾਂ ਦੀ ਪੋਥੀ 83:18) ਉਸ ਦਾ ਮੁੱਖ ਗੁਣ ਨਿਰਸੁਆਰਥ ਪਿਆਰ ਹੈ। (1 ਯੂਹੰਨਾ 4:8) ਉਸ ਨੇ ਇਨਸਾਨਾਂ ਨੂੰ ਇਸ ਲਈ ਬਣਾਇਆ ਕਿਉਂਕਿ ਉਹ ਦੂਜਿਆਂ ਨੂੰ ਜ਼ਿੰਦਗੀ ਦੀ ਦਾਤ ਦੇਣੀ ਚਾਹੁੰਦਾ ਸੀ। ਮੈਨੂੰ ਇਹ ਸਮਝ ਲੱਗੀ ਕਿ ਭਾਵੇਂ ਰੱਬ ਅਨਿਆਂ ਹੋਣ ਦਿੰਦਾ ਹੈ, ਪਰ ਉਹ ਇਸ ਤੋਂ ਘਿਣ ਕਰਦਾ ਹੈ ਤੇ ਉਹ ਜਲਦੀ ਹੀ ਇਸ ਨੂੰ ਖ਼ਤਮ ਕਰੇਗਾ। ਮੈਂ ਸਿੱਖਿਆ ਕਿ ਆਦਮ ਤੇ ਹੱਵਾਹ ਦੀ ਬਗਾਵਤ ਕਰਕੇ ਮਨੁੱਖਜਾਤੀ ਵਿਚ ਪਾਪ ਆਇਆ। (ਰੋਮੀਆਂ 5:12) ਇਸ ਦੇ ਬੁਰੇ ਨਤੀਜਿਆਂ ਵਿਚ ਪਿਆਰਿਆਂ ਦੀ ਮੌਤ ਵੀ ਸ਼ਾਮਲ ਹੈ, ਜਿਵੇਂ ਕਿ ਮੇਰੇ ਪਿਤਾ ਜੀ ਦੀ ਮੌਤ। ਪਰ ਰੱਬ ਆਉਣ ਵਾਲੀ ਨਵੀਂ ਦੁਨੀਆਂ ਵਿਚ ਸਾਰੇ ਦੁੱਖਾਂ ਦੀ ਭਰਪਾਈ ਕਰੇਗਾ ਜਿੱਥੇ ਉਹ ਮਰੇ ਲੋਕਾਂ ਨੂੰ ਦੁਬਾਰਾ ਜ਼ਿੰਦਗੀ ਦੇਵੇਗਾ।—ਰਸੂਲਾਂ ਦੇ ਕੰਮ 24:15.
ਬਾਈਬਲ ਦੀ ਸੱਚਾਈ ਨੇ ਮੇਰੇ ਸਵਾਲਾਂ ਦੇ ਜਵਾਬ ਦਿੱਤੇ। ਮੈਂ ਰੱਬ ’ਤੇ ਦੁਬਾਰਾ ਵਿਸ਼ਵਾਸ ਕਰਨ ਲੱਗ ਪਈ। ਜਿੱਦਾਂ-ਜਿੱਦਾਂ ਮੈਂ ਚੰਗੀ ਤਰ੍ਹਾਂ ਯਹੋਵਾਹ ਦੇ ਗਵਾਹਾਂ ਨੂੰ ਜਾਣਿਆ, ਉੱਦਾਂ-ਉੱਦਾਂ ਮੈਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦਾ ਵਿਸ਼ਵ-ਵਿਆਪੀ ਭਾਈਚਾਰਾ ਹੈ। ਉਨ੍ਹਾਂ ਦੀ ਏਕਤਾ ਤੇ ਪਿਆਰ ਦਾ ਮੇਰੇ ’ਤੇ ਡੂੰਘਾ ਅਸਰ ਪਿਆ। (ਯੂਹੰਨਾ 13:34, 35) ਮੈਂ ਜੋ ਵੀ ਯਹੋਵਾਹ ਬਾਰੇ ਸਿੱਖਿਆ, ਉਸ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਮੈਂ ਉਸ ਦੀ ਸੇਵਾ ਕਰਾਂ। ਇਸ ਲਈ ਮੈਂ ਯਹੋਵਾਹ ਦੀ ਗਵਾਹ ਬਣਨ ਦਾ ਫ਼ੈਸਲਾ ਕੀਤਾ। ਮੈਂ ਅੱਠ ਜਨਵਰੀ 2005 ਵਿਚ ਬਪਤਿਸਮਾ ਲੈ ਲਿਆ।
ਅੱਜ ਮੇਰੀ ਜ਼ਿੰਦਗੀ:
ਬਾਈਬਲ ਵਿੱਚੋਂ ਮਿਲੇ ਸਬੂਤਾਂ ਨੇ ਜ਼ਿੰਦਗੀ ਬਾਰੇ ਮੇਰਾ ਨਜ਼ਰੀਆ ਹੀ ਬਦਲ ਦਿੱਤਾ। ਰੱਬ ਦੇ ਬਚਨ ਵਿੱਚੋਂ ਸਹੀ-ਸਹੀ ਜਾਣਕਾਰੀ ਮਿਲਣ ਕਰਕੇ ਮੈਨੂੰ ਮਨ ਦੀ ਸ਼ਾਂਤੀ ਮਿਲੀ। ਮੈਨੂੰ ਰੱਬ ਦੇ ਬਚਨ ਵਿੱਚੋਂ ਮਰੇ ਹੋਇਆਂ ਦੇ ਦੁਬਾਰਾ ਜੀਉਂਦੇ ਹੋਣ ਦੇ ਵਾਅਦੇ ਤੋਂ ਬਹੁਤ ਦਿਲਾਸਾ ਤੇ ਖ਼ੁਸ਼ੀ ਮਿਲਦੀ ਹੈ ਕਿ ਮੈਂ ਆਪਣੇ ਡੈਡੀ ਜੀ ਨੂੰ ਦੁਬਾਰਾ ਦੇਖਾਂਗੀ।—ਯੂਹੰਨਾ 5:28, 29.
ਮੇਰੇ ਵਿਆਹ ਨੂੰ ਛੇ ਸਾਲ ਹੋ ਗਏ ਹਨ ਤੇ ਮੈਂ ਯਹੋਵਾਹ ਤੋਂ ਡਰਨ ਵਾਲੇ ਆਪਣੇ ਪਤੀ ਜੋਨਾਥਨ ਨਾਲ ਖ਼ੁਸ਼ ਹਾਂ। ਅਸੀਂ ਦੋਵਾਂ ਨੇ ਦੇਖਿਆ ਹੈ ਕਿ ਰੱਬ ਬਾਰੇ ਸੱਚਾਈਆਂ ਗੁੰਝਲਦਾਰ ਨਹੀਂ ਹਨ। ਇਹ ਸੱਚਾਈਆਂ ਇਕ ਅਨਮੋਲ ਖ਼ਜ਼ਾਨਾ ਹਨ। ਇਸੇ ਲਈ ਸਾਨੂੰ ਦੂਜਿਆਂ ਨੂੰ ਆਪਣੇ ਵਿਸ਼ਵਾਸ ਦੱਸਣ ਤੇ ਉਨ੍ਹਾਂ ਨਾਲ ਵਧੀਆ ਉਮੀਦ ਸਾਂਝੀ ਕਰਨ ਵਿਚ ਖ਼ੁਸ਼ੀ ਮਿਲਦੀ ਹੈ। ਅੱਜ ਮੈਂ ਜਾਣਦੀ ਹਾਂ ਕਿ ਯਹੋਵਾਹ ਦੇ ਗਵਾਹ “ਅਲੱਗ” ਨਹੀਂ ਹਨ, ਪਰ ਉਹ ਸੱਚੇ ਮਸੀਹੀ ਹਨ। (w15-E 01/01)
^ ਪੈਰਾ 15 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਜਾਂਦੀ ਸੀ, ਪਰ ਹੁਣ ਨਹੀਂ ਛਾਪੀ ਜਾਂਦੀ।