ਮੁੱਖ ਪੰਨੇ ਤੋਂ | ਦੁਆ ਕਰਨ ਦਾ ਕੋਈ ਫ਼ਾਇਦਾ ਹੈ?
ਲੋਕ ਦੁਆਵਾਂ ਕਿਉਂ ਕਰਦੇ ਹਨ?
“ਮੈਂ ਜੂਆ ਖੇਡਣ ਦਾ ਆਦੀ ਸੀ। ਮੈਂ ਪੈਸੇ ਜਿੱਤਣ ਲਈ ਦੁਆ ਕਰਦਾ ਸੀ। ਪਰ ਰੱਬ ਨੇ ਮੇਰੀ ਕਦੇ ਨਹੀਂ ਸੁਣੀ।”—ਸੈਮੂਏਲ, * ਕੀਨੀਆ।
“ਅਸੀਂ ਸਕੂਲ ਵਿਚ ਬਸ ਰਟੀਆਂ-ਰਟਾਈਆਂ ਪ੍ਰਾਰਥਨਾਵਾਂ ਕਰਦੇ ਰਹਿੰਦੇ ਸੀ।”—ਟੇਰੇਸਾ, ਫ਼ਿਲਪੀਨ।
“ਮੈਂ ਮੁਸ਼ਕਲਾਂ ਆਉਣ ਤੇ ਪ੍ਰਾਰਥਨਾ ਕਰਦੀ ਹਾਂ। ਮੈਂ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਣ ਅਤੇ ਰੱਬ ਦੇ ਅਸੂਲਾਂ ’ਤੇ ਚੱਲਣ ਲਈ ਦੁਆ ਕਰਦੀ ਹਾਂ।”—ਮਗਦਾਲੀਨ, ਘਾਨਾ।
ਸੈਮੂਏਲ, ਟੇਰੇਸਾ ਅਤੇ ਮਗਦਾਲੀਨ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਲੋਕ ਬਹੁਤ ਸਾਰੇ ਕਾਰਨਾਂ ਕਰਕੇ ਦੁਆਵਾਂ ਕਰਦੇ ਹਨ ਜਿਨ੍ਹਾਂ ਵਿੱਚੋਂ ਕਈ ਕਾਰਨ ਸਹੀ ਵੀ ਹੁੰਦੇ ਹਨ। ਕਈ ਲੋਕ ਦਿਲੋਂ ਅਰਦਾਸਾਂ ਕਰਦੇ ਹਨ ਤੇ ਕਈਆਂ ਦੀਆਂ ਦੁਆਵਾਂ ਵਿਚ ਕੋਈ ਭਾਵਨਾਵਾਂ ਨਹੀਂ ਹੁੰਦੀਆਂ। ਕਰੋੜਾਂ ਹੀ ਲੋਕ ਦੁਆ ਕਰਨ ਦੀ ਲੋੜ ਮਹਿਸੂਸ ਕਰਦੇ ਹਨ, ਭਾਵੇਂ ਕਿ ਉਹ ਪੇਪਰਾਂ ਵਿੱਚੋਂ ਪਾਸ ਹੋਣ ਲਈ, ਆਪਣੀ ਮਨ-ਪਸੰਦ ਦੀ ਟੀਮ ਦੇ ਜਿੱਤਣ ਲਈ, ਪਰਿਵਾਰ ਵਿਚ ਰੱਬ ਦੀ ਸੇਧ ਲਈ ਜਾਂ ਹੋਰ ਬਹੁਤ ਸਾਰੇ ਕਾਰਨਾਂ ਕਰਕੇ ਹੀ ਦੁਆ ਕਿਉਂ ਨਾ ਕਰਨ। ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਕੁਝ ਲੋਕ ਲਗਾਤਾਰ ਪ੍ਰਾਰਥਨਾ ਕਰਦੇ ਹਨ ਭਾਵੇਂ ਕਿ ਉਹ ਕਿਸੇ ਧਰਮ ਨਾਲ ਨਹੀਂ ਵੀ ਜੁੜੇ ਹੋਏ।
ਕੀ ਤੁਸੀਂ ਦੁਆ ਕਰਦੇ ਹੋ? ਜੇ ਹਾਂ, ਤਾਂ ਕਿਨ੍ਹਾਂ ਚੀਜ਼ਾਂ ਲਈ? ਭਾਵੇਂ ਤੁਹਾਨੂੰ ਪ੍ਰਾਰਥਨਾ ਕਰਨ ਦੀ ਆਦਤ ਹੈ ਜਾਂ ਨਹੀਂ, ਫਿਰ ਵੀ ਤੁਸੀਂ ਸ਼ਾਇਦ ਸੋਚੋ: ‘ਕੀ ਪ੍ਰਾਰਥਨਾ ਕਰਨ ਦਾ ਕੋਈ ਫ਼ਾਇਦਾ ਹੈ? ਕੀ ਕੋਈ ਸੁਣਦਾ ਵੀ ਹੈ?’ ਇਕ ਲਿਖਾਰੀ ਦੁਆ ਬਾਰੇ ਆਪਣੇ ਵਿਚਾਰ ਦੱਸਦਾ ਹੈ ਕਿ ਇਹ “ਇਕ ਤਰ੍ਹਾਂ ਦਾ ਇਲਾਜ ਹੈ।” ਕੁਝ ਡਾਕਟਰਾਂ ਦਾ ਵੀ ਇਹੀ ਮੰਨਣਾ ਹੈ ਕਿ ਦੁਆ “ਦਵਾਈ ਦਾ ਕੰਮ ਕਰਦੀ ਹੈ।” ਕੀ ਪ੍ਰਾਰਥਨਾ ਕਰਨੀ ਲੋਕਾਂ ਲਈ ਬਸ ਇਕ ਰੁਟੀਨ ਹੈ ਜਾਂ ਦੁਆ ਕਰਨ ਨਾਲ ਉਨ੍ਹਾਂ ਨੂੰ ਕੋਈ ਰਾਹਤ ਮਿਲਦੀ ਹੈ?
ਇਸ ਦੇ ਉਲਟ, ਬਾਈਬਲ ਵਿਚ ਦੱਸਿਆ ਗਿਆ ਹੈ ਕਿ ਦੁਆ ਕਿਸੇ ਇਲਾਜ ਨਾਲੋਂ ਕਿਤੇ ਵੱਧ ਕੇ ਹੈ। ਇਹ ਦੱਸਦੀ ਹੈ ਕਿ ਜੇ ਦੁਆ ਸਹੀ ਢੰਗ ਨਾਲ ਸਹੀ ਚੀਜ਼ਾਂ ਲਈ ਕੀਤੀ ਜਾਵੇ, ਤਾਂ ਇਹ ਜ਼ਰੂਰ ਸੁਣੀ ਜਾਂਦੀ ਹੈ। ਕੀ ਇਹ ਸੱਚ ਹੈ? ਆਓ ਸਬੂਤ ਦੇਖੀਏ। (w15-E 10/01)
^ ਪੈਰਾ 3 ਕੁਝ ਨਾਂ ਬਦਲੇ ਗਏ ਹਨ।