Skip to content

Skip to table of contents

ਕੀ ਇਹ ਛੋਟੀ ਜਿਹੀ ਗ਼ਲਤਫ਼ਹਿਮੀ ਹੈ?

ਕੀ ਇਹ ਛੋਟੀ ਜਿਹੀ ਗ਼ਲਤਫ਼ਹਿਮੀ ਹੈ?

ਇਕ ਛੋਟੀ ਜਿਹੀ ਕੁੜੀ ਨੇ ਫੈਕਟਰੀ ਦੀਆਂ ਚਿਮਨੀਆਂ ਤੋਂ ਧੂੰਆਂ ਉੱਠਦਾ ਦੇਖਿਆ ਅਤੇ ਇਸ ਫੈਲ ਰਹੇ ਧੂੰਏਂ ਦੇ ਬੱਦਲ ਜਿਹੇ ਬਣ ਰਹੇ ਸਨ। ਉਸ ਨੇ ਸਿੱਟਾ ਕੱਢਿਆ ਕਿ ਫੈਕਟਰੀ ਵਿਚ ਬੱਦਲ ਬਣਦੇ ਹਨ। ਉਸ ਬੱਚੀ ਦੀ ਛੋਟੀ ਜਿਹੀ ਗ਼ਲਤਫ਼ਹਿਮੀ ’ਤੇ ਸਾਨੂੰ ਹਾਸਾ ਆ ਸਕਦਾ ਹੈ। ਪਰ ਵੱਡੀਆਂ-ਵੱਡੀਆਂ ਗ਼ਲਤਫ਼ਹਿਮੀਆਂ ਸਾਡੀ ਜ਼ਿੰਦਗੀ ’ਤੇ ਬਹੁਤ ਅਸਰ ਪਾ ਸਕਦੀਆਂ ਹਨ। ਮਿਸਾਲ ਲਈ, ਕਿਸੇ ਦਵਾਈ ਦੇ ਲੇਬਲ ਨੂੰ ਗ਼ਲਤ ਪੜ੍ਹ ਕੇ ਦਵਾਈ ਲੈਣ ਨਾਲ ਗੰਭੀਰ ਨਤੀਜੇ ਨਿਕਲ ਸਕਦੇ ਹਨ।

ਪਰਮੇਸ਼ੁਰ ਦੀਆਂ ਗੱਲਾਂ ਬਾਰੇ ਗ਼ਲਤਫ਼ਹਿਮੀਆਂ ਦੇ ਨਤੀਜੇ ਤਾਂ ਹੋਰ ਵੀ ਗੰਭੀਰ ਹੋ ਸਕਦੇ ਹਨ। ਮਿਸਾਲ ਲਈ, ਕੁਝ ਲੋਕਾਂ ਨੇ ਯਿਸੂ ਦੀਆਂ ਸਿੱਖਿਆਵਾਂ ਦਾ ਗ਼ਲਤ ਮਤਲਬ ਸਮਝ ਲਿਆ। (ਯੂਹੰਨਾ 6:48-68) ਹੋਰ ਜ਼ਿਆਦਾ ਸਿੱਖਣ ਦੀ ਬਜਾਇ ਉਨ੍ਹਾਂ ਨੇ ਉਸ ਦੀਆਂ ਸਿਖਾਈਆਂ ਗੱਲਾਂ ਦਾ ਬੁਰਾ ਮਨਾਇਆ। ਉਨ੍ਹਾਂ ਦਾ ਕਿੰਨਾ ਵੱਡਾ ਨੁਕਸਾਨ ਹੋਇਆ!

ਕੀ ਤੁਸੀਂ ਸੇਧ ਲੈਣ ਲਈ ਬਾਈਬਲ ਪੜ੍ਹਦੇ ਹੋ? ਜੇ ਹਾਂ, ਤਾਂ ਤੁਸੀਂ ਕਾਬਲੇ-ਤਾਰੀਫ਼ ਹੋ। ਪਰ ਕੀ ਪੜ੍ਹੀਆਂ ਗੱਲਾਂ ਦਾ ਗ਼ਲਤ ਮਤਲਬ ਸਮਝਣ ਨਾਲ ਕੋਈ ਖ਼ਤਰਾ ਹੋ ਸਕਦਾ ਹੈ? ਬਹੁਤ ਸਾਰੇ ਲੋਕਾਂ ਨਾਲ ਇਸ ਤਰ੍ਹਾਂ ਹੁੰਦਾ ਹੈ। ਆਓ ਆਪਾਂ ਤਿੰਨ ਆਮ ਗ਼ਲਤਫ਼ਹਿਮੀਆਂ ’ਤੇ ਗੌਰ ਕਰੀਏ।

  • ਕੁਝ ਲੋਕ ਬਾਈਬਲ ਵਿਚ ਦਿੱਤੇ ਇਸ ਹੁਕਮ “ਪਰਮੇਸ਼ੁਰ ਕੋਲੋਂ ਡਰ” ਦਾ ਗ਼ਲਤ ਮਤਲਬ ਕੱਢਦੇ ਹਨ। ਉਹ ਸੋਚਦੇ ਹਨ ਕਿ ਇੱਥੇ ਰੱਬ ਦਾ ਖ਼ੌਫ਼ ਰੱਖਣ ਦੀ ਗੱਲ ਕੀਤੀ ਗਈ ਹੈ। (ਉਪਦੇਸ਼ਕ ਦੀ ਪੋਥੀ 12:13) ਪਰ ਰੱਬ ਨਹੀਂ ਚਾਹੁੰਦਾ ਕਿ ਉਸ ਦੀ ਭਗਤੀ ਕਰਨ ਵਾਲੇ ਉਸ ਬਾਰੇ ਇੱਦਾਂ ਮਹਿਸੂਸ ਕਰਨ। ਉਹ ਕਹਿੰਦਾ ਹੈ: “ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ, ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ।” (ਯਸਾਯਾਹ 41:10) ਰੱਬ ਦਾ ਡਰ ਰੱਖਣ ਦਾ ਮਤਲਬ ਹੈ ਕਿ ਅਸੀਂ ਉਸ ਲਈ ਗਹਿਰੀ ਸ਼ਰਧਾ ਰੱਖੀਏ ਤੇ ਉਸ ਦਾ ਆਦਰ ਕਰੀਏ।

  • ਕੀ ਧਰਤੀ ਨੂੰ ਅੱਗ ਨਾਲ ਤਬਾਹ ਕਰ ਦਿੱਤਾ ਜਾਵੇਗਾ?

    ਕੁਝ ਲੋਕ ਪਰਮੇਸ਼ੁਰ ਦੇ ਇਨ੍ਹਾਂ ਸ਼ਬਦਾਂ ਨੂੰ ਗ਼ਲਤ ਤਰੀਕੇ ਨਾਲ ਪੜ੍ਹਦੇ ਹਨ: “ਹਰੇਕ ਕੰਮ ਦਾ ਇੱਕ ਸਮਾ ਹੈ, . . . ਇੱਕ ਜੰਮਣ ਦਾ ਵੇਲਾ ਹੈ ਅਤੇ ਇੱਕ ਮਰਨ ਦਾ ਵੇਲਾ ਹੈ।” ਉਹ ਸਿੱਟਾ ਕੱਢਦੇ ਹਨ ਕਿ ਰੱਬ ਨੇ ਉਹ ਪਲ ਪਹਿਲਾਂ ਹੀ ਤੈਅ ਕੀਤਾ ਹੋਇਆ ਹੈ ਕਿ ਕਦੋਂ ਕਿਸੇ ਇਨਸਾਨ ਨੇ ਮਰਨਾ ਹੈ। (ਉਪਦੇਸ਼ਕ ਦੀ ਪੋਥੀ 3:1, 2) ਪਰ ਇਸ ਆਇਤ ਵਿਚ ਜੀਵਨ ਦੇ ਚੱਕਰ ਬਾਰੇ ਗੱਲ ਕੀਤੀ ਹੈ, ਨਾ ਕਿ ਇਹ ਕਿ ਅਸੀਂ ਮਰਨਾ ਹੀ ਮਰਨਾ ਹੈ। ਰੱਬ ਦਾ ਬਚਨ ਸਾਨੂੰ ਇਹ ਵੀ ਦੱਸਦਾ ਹੈ ਕਿ ਸਾਡੇ ਫ਼ੈਸਲਿਆਂ ਕਰਕੇ ਸਾਡੀ ਉਮਰ ਘੱਟ ਜਾਂ ਵਧ ਸਕਦੀ ਹੈ। ਮਿਸਾਲ ਲਈ, ਅਸੀਂ ਪੜ੍ਹਦੇ ਹਾਂ: “ਯਹੋਵਾਹ ਦਾ ਭੈ ਉਮਰ ਵਧਾਉਂਦਾ ਹੈ।” (ਕਹਾਉਤਾਂ 10:27; ਜ਼ਬੂਰਾਂ ਦੀ ਪੋਥੀ 90:10; ਯਸਾਯਾਹ 55:3) ਕਿਸ ਤਰ੍ਹਾਂ? ਮਿਸਾਲ ਲਈ, ਰੱਬ ਦੇ ਬਚਨ ਲਈ ਆਦਰ ਹੋਣ ਕਰਕੇ ਅਸੀਂ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੰਮਾਂ ਜਿਵੇਂ ਸ਼ਰਾਬੀਪੁਣੇ ਅਤੇ ਅਨੈਤਿਕਤਾ ਤੋਂ ਦੂਰ ਰਹਾਂਗੇ।1 ਕੁਰਿੰਥੀਆਂ 6:9, 10.

  • ਕੁਝ ਲੋਕ ਬਾਈਬਲ ਦੀਆਂ ਗੱਲਾਂ ਦਾ ਸ਼ਾਬਦਿਕ ਅਰਥ ਕੱਢਦੇ ਹਨ ਜਦੋਂ ਉਹ ਪੜ੍ਹਦੇ ਹਨ ਕਿ ਧਰਤੀ ਤੇ ਆਕਾਸ਼ ‘ਅੱਗ ਵਿਚ ਸਾੜੇ ਜਾਣ ਲਈ ਰੱਖੇ ਹੋਏ ਹਨ।’ ਉਹ ਸਿੱਟਾ ਕੱਢਦੇ ਹਨ ਕਿ ਰੱਬ ਧਰਤੀ ਨੂੰ ਤਬਾਹ ਕਰ ਦੇਵੇਗਾ। (2 ਪਤਰਸ 3:7) ਪਰ ਰੱਬ ਵਾਅਦਾ ਕਰਦਾ ਹੈ ਕਿ ਉਹ ਧਰਤੀ ਦਾ ਕਦੇ ਵੀ ਨਾਸ਼ ਨਹੀਂ ਕਰੇਗਾ। ਰੱਬ ਨੇ “ਧਰਤੀ ਦੀ ਨੀਂਹ ਨੂੰ ਕਾਇਮ ਕੀਤਾ, ਭਈ ਉਹ ਸਦਾ ਤੀਕ ਅਟੱਲ ਰਹੇ।” (ਜ਼ਬੂਰਾਂ ਦੀ ਪੋਥੀ 104:5; ਯਸਾਯਾਹ 45:18) ਇੱਥੇ ਦੁਸ਼ਟ ਦੁਨੀਆਂ ਦੇ ਨਾਸ਼ ਦੀ ਗੱਲ ਕੀਤੀ ਗਈ ਹੈ, ਨਾ ਕਿ ਸੱਚ-ਮੁੱਚ ਦੀ ਧਰਤੀ ਦੇ ਨਾਸ਼ ਦੀ। ਇਸ ਦੁਨੀਆਂ ਦਾ ਇਸ ਤਰ੍ਹਾਂ ਹਮੇਸ਼ਾ ਲਈ ਨਾਸ਼ ਕੀਤਾ ਜਾਵੇਗਾ ਮਾਨੋ ਇਸ ਨੂੰ ਅੱਗ ਨਾਲ ਭਸਮ ਕਰ ਦਿੱਤਾ ਗਿਆ ਹੋਵੇ। ਜਦੋਂ ਸ਼ਾਬਦਿਕ ਆਕਾਸ਼ ਦੀ ਗੱਲ ਕੀਤੀ ਜਾਂਦੀ ਹੈ, ਤਾਂ ਇਸ ਦਾ ਮਤਲਬ ਹੋ ਸਕਦਾ ਹੈ ਤਾਰਿਆਂ ਨਾਲ ਭਰਿਆ ਬ੍ਰਹਿਮੰਡ ਜਾਂ ਪਰਮੇਸ਼ੁਰ ਦੇ ਰਹਿਣ ਦੀ ਥਾਂ ਯਾਨੀ ਸਵਰਗ। ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਨਾਸ਼ ਨਹੀਂ ਕੀਤਾ ਜਾਵੇਗਾ।

ਬਾਈਬਲ ਦਾ ਕਦੇ-ਕਦੇ ਗ਼ਲਤ ਮਤਲਬ ਕਿਉਂ ਕੱਢਿਆ ਜਾਂਦਾ ਹੈ?

ਇਨ੍ਹਾਂ ਮਿਸਾਲਾਂ ਤੋਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਅਕਸਰ ਬਾਈਬਲ ਦੀਆਂ ਗੱਲਾਂ ਦਾ ਗ਼ਲਤ ਮਤਲਬ ਕੱਢ ਲੈਂਦੇ ਹਨ। ਪਰ ਰੱਬ ਇਸ ਤਰ੍ਹਾਂ ਕਿਉਂ ਹੋਣ ਦਿੰਦਾ ਹੈ? ਕੁਝ ਲੋਕ ਸ਼ਾਇਦ ਤਰਕ ਕਰਨ: ‘ਜੇ ਪਰਮੇਸ਼ੁਰ ਸਰਬ ਬੁੱਧੀਮਾਨ ਹੈ ਅਤੇ ਸਭ ਕੁਝ ਜਾਣਦਾ ਹੈ, ਤਾਂ ਉਹ ਸਾਨੂੰ ਇਸ ਤਰ੍ਹਾਂ ਦੀ ਕਿਤਾਬ ਦੇ ਸਕਦਾ ਸੀ ਜੋ ਬਹੁਤ ਆਸਾਨ ਤਰੀਕੇ ਨਾਲ ਲਿਖੀ ਗਈ ਹੋਵੇ ਤਾਂਕਿ ਸਾਰੇ ਇਸ ਨੂੰ ਸੌਖਿਆਂ ਹੀ ਸਮਝ ਸਕਣ। ਪਰ ਉਸ ਨੇ ਇਸ ਤਰ੍ਹਾਂ ਕਿਉਂ ਨਹੀਂ ਕੀਤਾ?’ ਤਿੰਨ ਕਾਰਨਾਂ ’ਤੇ ਗੌਰ ਕਰੋ ਕਿ ਲੋਕ ਅਕਸਰ ਬਾਈਬਲ ਦਾ ਗ਼ਲਤ ਮਤਲਬ ਕਿਉਂ ਕੱਢਦੇ ਹਨ।

  1. ਬਾਈਬਲ ਉਨ੍ਹਾਂ ਲੋਕਾਂ ਲਈ ਤਿਆਰ ਕੀਤੀ ਗਈ ਹੈ ਜੋ ਨਿਮਰ ਅਤੇ ਸਿੱਖਣ ਲਈ ਤਿਆਰ ਹਨ। ਯਿਸੂ ਨੇ ਆਪਣੇ ਪਿਤਾ ਨੂੰ ਕਿਹਾ: “ਹੇ ਪਿਤਾ, ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਸਾਰਿਆਂ ਸਾਮ੍ਹਣੇ ਤੇਰਾ ਗੁਣਗਾਨ ਕਰਦਾ ਹਾਂ, ਕਿਉਂਕਿ ਤੂੰ ਇਹ ਗੱਲਾਂ ਬੁੱਧੀਮਾਨਾਂ ਅਤੇ ਗਿਆਨਵਾਨਾਂ ਤੋਂ ਲੁਕਾਈ ਰੱਖੀਆਂ, ਪਰ ਨਿਆਣਿਆਂ ਨੂੰ ਦੱਸੀਆਂ ਹਨ।” (ਲੂਕਾ 10:21) ਬਾਈਬਲ ਨੂੰ ਇਸ ਤਰੀਕੇ ਨਾਲ ਲਿਖਿਆ ਗਿਆ ਹੈ ਕਿ ਸਿਰਫ਼ ਸਹੀ ਰਵੱਈਆ ਰੱਖਣ ਵਾਲੇ ਲੋਕ ਹੀ ਇਸ ਦੇ ਸੰਦੇਸ਼ ਨੂੰ ਸਮਝ ਸਕਦੇ ਹਨ। ‘ਬੁੱਧੀਮਾਨਾਂ ਅਤੇ ਗਿਆਨਵਾਨਾਂ’ ਵਿਚ ਹੰਕਾਰ ਹੋਣ ਕਰਕੇ ਉਹ ਬਾਈਬਲ ਦੀਆਂ ਗੱਲਾਂ ਦਾ ਗ਼ਲਤ ਮਤਲਬ ਕੱਢਣ ਦਾ ਝੁਕਾਅ ਰੱਖਦੇ ਹਨ। ਪਰ ਜਿਹੜੇ ਲੋਕ “ਨਿਆਣਿਆਂ” ਵਰਗਾ ਰਵੱਈਆ ਰੱਖਦੇ ਹਨ ਯਾਨੀ ਨਿਮਰ ਅਤੇ ਸਿੱਖਣ ਲਈ ਤਿਆਰ ਰਹਿ ਕੇ ਬਾਈਬਲ ਪੜ੍ਹਦੇ ਹਨ, ਉਹ ਪਰਮੇਸ਼ੁਰ ਦੇ ਬਚਨ ਨੂੰ ਚੰਗੀ ਤਰ੍ਹਾਂ ਸਮਝ ਪਾਉਂਦੇ ਹਨ। ਰੱਬ ਨੇ ਬਾਈਬਲ ਨੂੰ ਕਿੰਨੀ ਹੁਨਰਮੰਦੀ ਨਾਲ ਤਿਆਰ ਕੀਤਾ ਹੈ!

  2. ਬਾਈਬਲ ਉਨ੍ਹਾਂ ਲੋਕਾਂ ਲਈ ਲਿਖੀ ਗਈ ਹੈ ਜੋ ਇਸ ਨੂੰ ਸਮਝਣ ਲਈ ਪਰਮੇਸ਼ੁਰ ਦੀ ਮਦਦ ਚਾਹੁੰਦੇ ਹਨ। ਯਿਸੂ ਨੂੰ ਪਤਾ ਸੀ ਕਿ ਉਸ ਦੀਆਂ ਸਿਖਾਈਆਂ ਗੱਲਾਂ ਪੂਰੀ ਤਰ੍ਹਾਂ ਸਮਝਣ ਲਈ ਲੋਕਾਂ ਨੂੰ ਮਦਦ ਦੀ ਲੋੜ ਪਵੇਗੀ। ਉਨ੍ਹਾਂ ਨੂੰ ਇਹ ਮਦਦ ਕਿਵੇਂ ਮਿਲਣੀ ਸੀ? ਯਿਸੂ ਨੇ ਦੱਸਿਆ: “ਪਿਤਾ ਮੇਰੇ ਰਾਹੀਂ ਜਿਹੜੀ ਪਵਿੱਤਰ ਸ਼ਕਤੀ ਮਦਦਗਾਰ ਦੇ ਤੌਰ ਤੇ ਘੱਲੇਗਾ, ਉਹ ਤੁਹਾਨੂੰ ਸਾਰੀਆਂ ਗੱਲਾਂ ਸਿਖਾਵੇਗੀ।” (ਯੂਹੰਨਾ 14:26) ਇਸ ਲਈ ਰੱਬ ਆਪਣੀ ਪਵਿੱਤਰ ਸ਼ਕਤੀ ਯਾਨੀ ਆਪਣੀ ਕੰਮ ਕਰਨ ਦੀ ਤਾਕਤ ਦਿੰਦਾ ਹੈ ਤਾਂਕਿ ਲੋਕ ਬਾਈਬਲ ਵਿੱਚੋਂ ਪੜ੍ਹੀਆਂ ਗੱਲਾਂ ਸਮਝ ਸਕਣ। ਪਰ ਰੱਬ ਉਨ੍ਹਾਂ ਲੋਕਾਂ ਨੂੰ ਪਵਿੱਤਰ ਸ਼ਕਤੀ ਨਹੀਂ ਦਿੰਦਾ ਜੋ ਮਦਦ ਲਈ ਉਸ ’ਤੇ ਭਰੋਸਾ ਨਹੀਂ ਰੱਖਦੇ। ਇਸ ਲਈ ਉਨ੍ਹਾਂ ਨੂੰ ਬਾਈਬਲ ਸਮਝ ਨਹੀਂ ਆਉਂਦੀ। ਪਵਿੱਤਰ ਸ਼ਕਤੀ ਗਿਆਨਵਾਨ ਮਸੀਹੀਆਂ ਨੂੰ ਪ੍ਰੇਰਦੀ ਹੈ ਕਿ ਉਹ ਉਨ੍ਹਾਂ ਲੋਕਾਂ ਦੀ ਮਦਦ ਕਰਨ ਜੋ ਬਾਈਬਲ ਨੂੰ ਹੋਰ ਚੰਗੀ ਤਰ੍ਹਾਂ ਸਮਝਣਾ ਚਾਹੁੰਦੇ ਹਨ।ਰਸੂਲਾਂ ਦੇ ਕੰਮ 8:26-35.

  3. ਬਾਈਬਲ ਦੀਆਂ ਗੱਲਾਂ ਸਹੀ ਸਮਾਂ ਆਉਣ ਤੇ ਸਮਝ ਆਉਣੀਆਂ ਸਨ। ਮਿਸਾਲ ਲਈ, ਦਾਨੀਏਲ ਨਬੀ ਨੂੰ ਭਵਿੱਖ ਬਾਰੇ ਇਕ ਸੰਦੇਸ਼ ਲਿਖਣ ਲਈ ਕਿਹਾ ਗਿਆ ਸੀ। ਦੂਤ ਨੇ ਉਸ ਨੂੰ ਕਿਹਾ: “ਹੁਣ ਦਾਨੀਏਲ ਤੂੰ ਇਹ ਪੋਥੀ ਬੰਦ ਕਰ ਦੇਹ, ਜਦੋਂ ਤਕ ਅੰਤਮ ਸਮਾਂ ਨਾ ਆ ਜਾਵੇ।” ਸਦੀਆਂ ਤੋਂ ਬਹੁਤ ਸਾਰੇ ਲੋਕਾਂ ਨੇ ਬਾਈਬਲ ਦੀ ਕਿਤਾਬ ਦਾਨੀਏਲ ਨੂੰ ਪੜ੍ਹਿਆ, ਪਰ ਉਹ ਇਸ ਕਿਤਾਬ ਦੀਆਂ ਗੱਲਾਂ ਪੂਰੀ ਤਰ੍ਹਾਂ ਸਮਝ ਨਹੀਂ ਸਕੇ। ਇੱਥੋਂ ਤਕ ਕਿ ਦਾਨੀਏਲ ਨੂੰ ਵੀ ਕੁਝ ਗੱਲਾਂ ਸਮਝ ਨਹੀਂ ਲੱਗੀਆਂ ਜੋ ਉਸ ਨੇ ਲਿਖੀਆਂ ਸਨ। ਉਸ ਨੇ ਨਿਮਰਤਾ ਨਾਲ ਮੰਨਿਆ: “ਮੈਂ ਸਭ ਸੁਣਿਆ ਪਰ ਮੈਂ ਉਸ ਨੂੰ ਸਮਝ ਨਾ ਸਕਿਆ।” ਲੋਕਾਂ ਨੂੰ ਦਾਨੀਏਲ ਦੁਆਰਾ ਲਿਖਾਈ ਪਰਮੇਸ਼ੁਰ ਦੀ ਭਵਿੱਖਬਾਣੀ ਉਸ ਸਮੇਂ ਸਮਝ ਆਉਣੀ ਸੀ ਜਿਹੜਾ ਸਮਾਂ ਯਹੋਵਾਹ ਨੇ ਚੁਣਿਆ ਸੀ। ਦੂਤ ਨੇ ਕਿਹਾ: “ਦਾਨੀਏਲ, ਤੂੰ ਹੁਣ ਜਾਹ, ਕਿਉਂਕਿ ਇਹਨਾਂ ਸਭ ਵਚਨਾਂ ਦਾ ਉਸ ਸਮੇਂ ਤਕ ਗੁਪਤ ਰੱਖੇ ਜਾਣਾ ਜ਼ਰੂਰੀ ਹੈ, ਜਦੋਂ ਤਕ ਅੰਤ ਨਾ ਆ ਜਾਵੇ।” ਕਿਨ੍ਹਾਂ ਨੂੰ ਪਰਮੇਸ਼ੁਰ ਦੇ ਸੰਦੇਸ਼ ਸਮਝ ਲੱਗਣੇ ਸਨ? ‘ਜੋ ਲੋਕ ਦੁਸ਼ਟ ਹਨ, ਉਹ ਇਹ ਸਭ ਨਹੀਂ ਸਮਝਣਗੇ। ਕੇਵਲ ਬੁੱਧੀਮਾਨ ਇਹ ਸਮਝ ਸਕਣਗੇ।’ (ਦਾਨੀਏਲ 12:4, 8-10, CL) ਸੋ ਪਰਮੇਸ਼ੁਰ ਬਾਈਬਲ ਦੀਆਂ ਕੁਝ ਗੱਲਾਂ ਦੀ ਸਮਝ ਉਦੋਂ ਤਕ ਨਹੀਂ ਦਿੰਦਾ ਜਦ ਤਕ ਸਹੀ ਸਮਾਂ ਨਹੀਂ ਆ ਜਾਂਦਾ।

ਕੀ ਸਮੇਂ ਦੇ ਕਰਕੇ ਯਹੋਵਾਹ ਦੇ ਗਵਾਹਾਂ ਨੇ ਕਦੇ ਬਾਈਬਲ ਦੀਆਂ ਗੱਲਾਂ ਦਾ ਗ਼ਲਤ ਮਤਲਬ ਸਮਝਿਆ ਹੈ? ਹਾਂ। ਪਰ ਜਦੋਂ ਉਨ੍ਹਾਂ ਗੱਲਾਂ ਨੂੰ ਸਮਝਾਉਣ ਲਈ ਪਰਮੇਸ਼ੁਰ ਦਾ ਸਮਾਂ ਆਇਆ, ਤਾਂ ਗਵਾਹਾਂ ਨੇ ਝੱਟ ਆਪਣੀ ਸਮਝ ਵਿਚ ਤਬਦੀਲੀ ਕੀਤੀ। ਉਹ ਮੰਨਦੇ ਹਨ ਕਿ ਇਸ ਤਰ੍ਹਾਂ ਕਰ ਕੇ ਉਹ ਯਿਸੂ ਦੇ ਚੇਲਿਆਂ ਦੀ ਰੀਸ ਕਰਦੇ ਹਨ ਜੋ ਨਿਮਰਤਾ ਨਾਲ ਆਪਣੀ ਸੋਚ ਬਦਲ ਲੈਂਦੇ ਸਨ ਜਦੋਂ ਯਿਸੂ ਉਨ੍ਹਾਂ ਨੂੰ ਸੁਧਾਰਦਾ ਸੀ।ਰਸੂਲਾਂ ਦੇ ਕੰਮ 1:6, 7.

ਉਸ ਛੋਟੀ ਕੁੜੀ ਦਾ ਮਨ-ਘੜਤ ਖ਼ਿਆਲ ਕਿ ਬੱਦਲ ਫੈਕਟਰੀ ਵਿਚ ਬਣ ਰਹੇ ਹਨ, ਸ਼ਾਇਦ ਇਕ ਛੋਟੀ ਜਿਹੀ ਗ਼ਲਤਫ਼ਹਿਮੀ ਸੀ। ਪਰ ਬਾਈਬਲ ਦੀਆਂ ਸਿੱਖਿਆਵਾਂ ਬਹੁਤ ਮਾਅਨੇ ਰੱਖਦੀਆਂ ਹਨ, ਇਸ ਲਈ ਸਾਨੂੰ ਆਪਣੀ ਸਮਝ ਦੇ ਹਿਸਾਬ ਨਾਲ ਬਾਈਬਲ ਨਹੀਂ ਪੜ੍ਹਨੀ ਚਾਹੀਦੀ। ਬਾਈਬਲ ਦੀ ਸਹੀ ਸਮਝ ਲਈ ਉਨ੍ਹਾਂ ਲੋਕਾਂ ਦੀ ਮਦਦ ਲਓ ਜੋ ਨਿਮਰਤਾ ਨਾਲ ਬਾਈਬਲ ਦਾ ਅਧਿਐਨ ਕਰਦੇ ਹਨ, ਜੋ ਰੱਬ ਦੀ ਪਵਿੱਤਰ ਸ਼ਕਤੀ ਦੇ ਸਹਾਰੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ ਅਤੇ ਜਿਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਅੱਜ ਦੇ ਸਮੇਂ ਵਿਚ ਰੱਬ ਚਾਹੁੰਦਾ ਹੈ ਕਿ ਅਸੀਂ ਬਾਈਬਲ ਨੂੰ ਸਮਝੀਏ। ਯਹੋਵਾਹ ਦੇ ਗਵਾਹਾਂ ਨਾਲ ਗੱਲ ਕਰਨ ਜਾਂ ਉਨ੍ਹਾਂ ਦੁਆਰਾ ਧਿਆਨ ਨਾਲ ਖੋਜਬੀਨ ਕਰ ਕੇ jw.org ਵੈੱਬਸਾਈਟ ’ਤੇ ਪਾਈ ਜਾਣਕਾਰੀ ਨੂੰ ਪੜ੍ਹਨ ਤੋਂ ਝਿਜਕੋ ਨਾ। ਬਾਈਬਲ ਵਾਅਦਾ ਕਰਦੀ ਹੈ: ‘ਜੇ ਤੂੰ ਬਿਬੇਕ [ਸਮਝ] ਲਈ ਪੁਕਾਰੇਂ, ਤਾਂ ਤੂੰ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੇਂਗਾ।’ਕਹਾਉਤਾਂ 2:3-5.