ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?
ਮਹਾਂਮਾਰੀ ਦੌਰਾਨ ਦੁਨੀਆਂ ਭਰ ਵਿਚ ਰਾਹਤ ਦਾ ਕੰਮ
1 ਜੁਲਾਈ 2021
ਮਾਰਚ 2020 ਵਿਚ ਜਦੋਂ ਵਿਸ਼ਵ ਸਿਹਤ ਸੰਗਠਨ ਨੇ ਕੋਵਿਡ-19 ਨੂੰ ਮਹਾਂਮਾਰੀ ਐਲਾਨ ਕੀਤਾ, ਤਾਂ ਬਹੁਤ ਸਾਰੇ ਲੋਕਾਂ ਨੇ ਸੋਚਿਆ ਨਹੀਂ ਸੀ ਕਿ ਇਹ ਵਾਇਰਸ ਪੂਰੀ ਦੁਨੀਆਂ ਨੂੰ ਇਕ ਸਾਲ ਤੋਂ ਜ਼ਿਆਦਾ ਲੰਬੇ ਸਮੇਂ ਤਕ ਆਪਣੀ ਲਪੇਟ ਵਿਚ ਲੈ ਲਵੇਗਾ। ਇਸ ਮਹਾਂਮਾਰੀ ਨੇ ਲੱਖਾਂ ਹੀ ਲੋਕਾਂ ਦੀ ਸਰੀਰਕ, ਮਾਨਸਿਕ ਅਤੇ ਆਰਥਿਕ ਹਾਲਤ ʼਤੇ ਮਾੜਾ ਅਸਰ ਪਾਇਆ ਜਿਨ੍ਹਾਂ ਵਿਚ ਕਈ ਯਹੋਵਾਹ ਦੇ ਗਵਾਹ ਵੀ ਸ਼ਾਮਲ ਹਨ। ਯਹੋਵਾਹ ਦੇ ਗਵਾਹਾਂ ਨੇ ਇਸ ਮੁਸੀਬਤ ਦੀ ਘੜੀ ਵਿਚ ਰਾਹਤ ਦਾ ਕੰਮ ਕਿਵੇਂ ਕੀਤਾ?
ਲੋੜਵੰਦਾਂ ਲਈ ਰਾਹਤ
ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੀ ਪ੍ਰਬੰਧਕਾਂ ਦੀ ਕਮੇਟੀ ਦੀ ਨਿਗਰਾਨੀ ਅਧੀਨ ਕੋਵਿਡ-19 ਦੌਰਾਨ ਰਾਹਤ ਦਾ ਕੰਮ ਕਰਨ ਲਈ ਪੂਰੀ ਦੁਨੀਆਂ ਵਿਚ 950 ਤੋਂ ਜ਼ਿਆਦਾ ਰਾਹਤ ਕਮੇਟੀਆਂ (DRC) ਬਣਾਈਆਂ ਗਈਆਂ। ਇਨ੍ਹਾਂ ਕਮੇਟੀਆਂ ਨੇ ਕਈ ਥਾਵਾਂ ʼਤੇ ਰਾਹਤ ਦੇ ਕੰਮ ਲਈ ਉੱਥੋਂ ਦੇ ਹੀ ਭੈਣਾਂ-ਭਰਾਵਾਂ ਦੀ ਮਦਦ ਲਈ ਅਤੇ ਕਈ ਥਾਵਾਂ ʼਤੇ ਯਹੋਵਾਹ ਦੇ ਗਵਾਹਾਂ ਨੇ ਸਰਕਾਰ ਵੱਲੋਂ ਮਿਲਦੀ ਮਦਦ ਵੀ ਲਈ। ਰਾਹਤ ਕਮੇਟੀਆਂ ਨੇ ਵੱਡੇ ਪੱਧਰ ʼਤੇ ਵੀ ਰਾਹਤ ਦੇ ਕੰਮ ਦਾ ਇੰਤਜ਼ਾਮ ਕੀਤਾ।
ਉਦਾਹਰਣ ਲਈ, ਜ਼ਰਾ ਪੈਰਾਗੂਵਾਏ ਦੇ ਹਾਲਾਤਾਂ ʼਤੇ ਗੌਰ ਕਰੋ। ਇਕ ਅਖ਼ਬਾਰ ਵਿਚ ਦੱਸਿਆ ਗਿਆ ਕਿ ਮਹਾਂਮਾਰੀ ਕਰਕੇ ਦੇਸ਼ ਦੀ ਆਰਥਿਕ ਹਾਲਤ ʼਤੇ ਮਾੜਾ ਅਸਰ ਪਿਆ ਜਿਸ ਕਰਕੇ “ਪੈਰਾਗੂਵਾਏ ਵਿਚ ਬਹੁਤ ਸਾਰੇ ਲੋਕਾਂ ਨੂੰ ਆਪਣੇ ਘਰਾਂ ਵਿਚ ਭੁੱਖੇ ਰਹਿਣਾ ਪਿਆ।” ਪਰ ਰਾਹਤ ਕਮੇਟੀਆਂ ਨੇ ਪੈਰਾਗੂਵਾਏ ਵਿਚ ਪਹਿਲਾਂ ਹੀ ਖਾਣੇ ਦੀਆਂ ਕਿੱਟਾਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ। ਹਰ ਕਿੱਟ ਵਿਚ ਪਰਿਵਾਰ ਦੇ ਚਾਰ ਮੈਂਬਰਾਂ ਲਈ ਦੋ ਹਫ਼ਤੇ ਦਾ ਖਾਣ-ਪੀਣ ਦਾ ਅਤੇ ਸਾਫ਼-ਸਫ਼ਾਈ ਦਾ ਸਾਮਾਨ ਸੀ। ਹਰ ਕਿੱਟ ਵਿਚ ਲਗਭਗ 2,250 ਰੁਪਏ (ਲਗਭਗ 30 ਅਮਰੀਕੀ ਡਾਲਰ) ਦਾ ਸਾਮਾਨ ਸੀ।
ਰਾਹਤ ਕਮੇਟੀ ਵਿਚ ਕੰਮ ਕਰਨ ਵਾਲੇ ਭੈਣ-ਭਰਾ ਆਪਣੇ ਆਪ ਨੂੰ ਅਤੇ ਦੂਸਰਿਆਂ ਨੂੰ ਕੋਵਿਡ-19 ਤੋਂ ਕਿਵੇਂ ਬਚਾਉਂਦੇ ਹਨ? ਉਹ ਮਾਸਕ ਪਾਉਂਦੇ ਹਨ ਅਤੇ ਲੋਕਾਂ ਤੋਂ ਉਚਿਤ ਦੂਰੀ ਬਣਾ ਕੇ ਰੱਖਦੇ ਹਨ। ਉਹ ਇਸ ਗੱਲ ਦਾ ਵੀ ਧਿਆਨ ਰੱਖਦੇ ਹਨ ਕਿ ਜਿਹੜੀਆਂ ਕੰਪਨੀਆਂ ਖਾਣ-ਪੀਣ ਦੀਆਂ ਚੀਜ਼ਾਂ ਸਪਲਾਈ ਕਰ ਰਹੀਆਂ ਹਨ, ਉਹ ਸਾਫ਼-ਸਫ਼ਾਈ ਰੱਖਣ ਅਤੇ ਸੁਰੱਖਿਆ ਦੀਆਂ ਸਾਰੀਆਂ ਹਿਦਾਇਤਾਂ ਦੀ ਪਾਲਣਾ ਕਰਨ। ਉਦਾਹਰਣ ਲਈ, ਕਿੱਟਾਂ ਤਿਆਰ ਕਰਨ ਵਾਲਿਆਂ ਨੇ ਮਾਸਕ, ਦਸਤਾਨੇ ਵਗੈਰਾ ਪਾਏ ਹੁੰਦੇ ਹਨ, ਉਹ ਆਪਣੀਆਂ ਗੱਡੀਆਂ ਨੂੰ ਸਾਫ਼ ਅਤੇ ਰੋਗਾਣੂ-ਮੁਕਤ ਕਰਦੇ ਹਨ ਅਤੇ ਪੈਕਟਾਂ ਨੂੰ ਰੋਗਾਣੂ-ਮੁਕਤ ਜਗ੍ਹਾ ʼਤੇ ਰੱਖਦੇ ਹਨ। ਕਿੱਟਾਂ ਵੰਡਣ ਵਾਲੇ ਭੈਣ-ਭਰਾ ਉਨ੍ਹਾਂ ਭੈਣਾਂ-ਭਰਾਵਾਂ ਤੋਂ ਵੀ ਦੂਰੀ ਬਣਾ ਕੇ ਰੱਖਦੇ ਹਨ ਜਿਨ੍ਹਾਂ ਨੂੰ ਉਹ ਕਿੱਟਾਂ ਵੰਡਦੇ ਹਨ।
ਦਾਨ ਨੂੰ ਸਮਝਦਾਰੀ ਨਾਲ ਵਰਤਣਾ
ਪ੍ਰਬੰਧਕਾਂ ਦੀ ਕਮੇਟੀ ਨੇ ਕੋਵਿਡ-19 ਮਹਾਂਮਾਰੀ ਦੌਰਾਨ ਰਾਹਤ ਦੇ ਕੰਮ ਲਈ ਜਨਵਰੀ 2021 ਤਕ 1 ਅਰਬ 87 ਕਰੋੜ 50 ਲੱਖ ਤੋਂ ਜ਼ਿਆਦਾ ਰੁਪਏ (2 ਕਰੋੜ 50 ਲੱਖ ਤੋਂ ਜ਼ਿਆਦਾ ਅਮਰੀਕੀ ਡਾਲਰ) ਖ਼ਰਚਣ ਦੀ ਮਨਜ਼ੂਰੀ ਦਿੱਤੀ ਸੀ। ਬ੍ਰਾਂਚ ਆਫ਼ਿਸ ਅਤੇ ਰਾਹਤ ਕਮੇਟੀਆਂ ਨੇ ਇਸ ਦਾਨ ਦਾ ਸਮਝਦਾਰੀ ਨਾਲ ਇਸਤੇਮਾਲ ਕੀਤਾ ਅਤੇ ਦੁਕਾਨਦਾਰਾਂ ਨਾਲ ਭਾਅ ਕਰ ਕੇ ਘੱਟ ਮੁੱਲ ʼਤੇ ਲੋੜੀਂਦਾ ਸਾਮਾਨ ਖ਼ਰੀਦਿਆ। ਉਦਾਹਰਣ ਲਈ, ਚਿਲੀ ਵਿਚ ਰਾਹਤ ਦੇ ਕੰਮ ਦਾ ਇੰਤਜ਼ਾਮ ਕਰਨ ਵਾਲੇ ਭਰਾਵਾਂ ਨੇ 750 ਕਿਲੋ ਦਾਲਾਂ ਖ਼ਰੀਦਣੀਆਂ ਸਨ। ਪਰ ਇਕ ਮਹੀਨੇ ਦੇ ਅੰਦਰ-ਅੰਦਰ ਦਾਲਾਂ ਦਾ ਮੁੱਲ ਦੁਗੁਣਾ ਹੋ ਗਿਆ ਅਤੇ ਭਰਾ ਦੁਕਾਨਦਾਰ ਤੋਂ ਦੁਗਣੇ ਮੁੱਲ ʼਤੇ ਦਾਲਾਂ ਖ਼ਰੀਦਣ ਲਈ ਰਾਜ਼ੀ ਹੋ ਗਏ। ਦੁਕਾਨਦਾਰ ਨਾਲ ਗੱਲ ਕਰਨ ਤੋਂ ਦੋ ਘੰਟੇ ਬਾਅਦ ਹੀ ਦੁਕਾਨਦਾਰ ਨੇ ਭਰਾਵਾਂ ਨੂੰ ਦੱਸਿਆ ਕਿ ਇਕ ਗਾਹਕ ਨੇ ਦਾਲਾਂ ਦਾ ਆਰਡਰ ਵਾਪਸ ਕਰ ਦਿੱਤਾ। ਇਸ ਕਰਕੇ ਦੁਕਾਨਦਾਰ ਨੇ ਵਾਪਸ ਕੀਤੀਆਂ ਹੋਈਆਂ ਦਾਲਾਂ ਭਰਾਵਾਂ ਨੂੰ ਵਧੇ ਹੋਏ ਮੁੱਲ ʼਤੇ ਵੇਚਣ ਦੀ ਬਜਾਇ ਪੁਰਾਣੇ ਮੁੱਲ ʼਤੇ ਹੀ ਵੇਚ ਦਿੱਤੀਆਂ!
ਜਦੋਂ ਭਰਾ ਦਾਲਾਂ ਲੈਣ ਗਏ, ਤਾਂ ਦੁਕਾਨਦਾਰ ਇਹ ਕਹਿ ਕੇ ਦਾਲਾਂ ਦੇਣ ਤੋਂ ਮਨ੍ਹਾ ਕਰਨ ਲੱਗ ਪਿਆ ਕਿ ਉਹ ਵੀ ਬਾਕੀ ਸੰਗਠਨਾਂ ਵਾਂਗ ਲੋਕਾਂ ਨੂੰ ਖਾਣ-ਪੀਣ ਦਾ ਸਾਮਾਨ ਸਹੀ ਤਰੀਕੇ ਨਾਲ ਨਹੀਂ ਵੰਡਣਗੇ। ਇਕ ਭਰਾ ਨੇ ਮਨ ਹੀ ਮਨ ਪ੍ਰਾਰਥਨਾ ਕੀਤੀ ਅਤੇ ਫਿਰ ਦੁਕਾਨਦਾਰ ਨੂੰ ਕਿਹਾ ਕਿ ਹਰ ਮੰਡਲੀ ਵਿਚ ਪਹਿਲਾਂ ਹੀ ਸਰਵੇ ਕੀਤਾ ਗਿਆ ਹੈ ਕਿ ਕਿਨ੍ਹਾਂ ਭੈਣਾਂ-ਭਰਾਵਾਂ ਨੂੰ ਸੱਚ-ਮੁੱਚ ਮਦਦ ਦੀ ਲੋੜ ਹੈ। ਭਰਾਵਾਂ ਨੇ ਇਹ ਵੀ ਸਮਝਾਇਆ ਕਿ ਭੈਣਾਂ-ਭਰਾਵਾਂ ਦਾ ਸਭਿਆਚਾਰ ਅਲੱਗ-ਅਲੱਗ ਹੋਣ ਕਰਕੇ ਹਰ ਕਿੱਟ ਉਨ੍ਹਾਂ ਦੀਆਂ ਲੋੜਾਂ ਮੁਤਾਬਕ ਤਿਆਰ ਕੀਤੀ ਗਈ ਹੈ ਤਾਂਕਿ ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਹੋ ਸਕੇ। ਉਨ੍ਹਾਂ ਨੇ ਦੁਕਾਨਦਾਰ ਨੂੰ ਇਹ ਵੀ ਯਕੀਨ ਦਿਵਾਇਆ ਕਿ ਯਹੋਵਾਹ ਦੇ ਗਵਾਹ ਆਪਣੀ ਇੱਛਾ ਨਾਲ ਪੈਸੇ ਦਾਨ ਕਰਦੇ ਹਨ ਅਤੇ ਆਪਣੇ ਆਪ ਨੂੰ ਦੂਜਿਆਂ ਦੀ ਮਦਦ ਕਰਨ ਲਈ ਪੇਸ਼ ਕਰਦੇ ਹਨ। ਇਸ ਗੱਲ ਦਾ ਦੁਕਾਨਦਾਰ ʼਤੇ ਬਹੁਤ ਚੰਗਾ ਅਸਰ ਪਿਆ। ਇਸ ਕਰਕੇ ਦੁਕਾਨਦਾਰ ਨਾ ਸਿਰਫ਼ ਦਾਲਾਂ ਦਾ ਮੁੱਲ ਘੱਟ ਕਰਨ ਲਈ, ਸਗੋਂ ਉਹ ਅਗਲੀ ਵਾਰ ਲਈ 400 ਕਿਲੋ ਦਾਲਾਂ ਦਾਨ ਦੇਣ ਲਈ ਵੀ ਤਿਆਰ ਹੋ ਗਿਆ।
“ਸੱਚੇ ਪਿਆਰ ਦਾ ਸਬੂਤ”
ਇਕ ਦਿਨ ਜਦੋਂ ਉਹ ਸਵੇਰ ਦਾ ਨਾਸ਼ਤਾ ਅਤੇ ਉਸ ਦਿਨ ਦੇ ਬਾਈਬਲ ਦੇ ਹਵਾਲੇ ’ਤੇ ਚਰਚਾ ਕਰ ਕੇ ਹਟੇ, ਤਾਂ ਲੂਸੂ ਦੇ ਸੱਤ ਸਾਲ ਦੇ ਦੋਹਤੇ ਨੇ ਦੇਖਿਆ ਕਿ ਘਰ ਵਿਚ ਖਾਣ ਲਈ ਕੁਝ ਵੀ ਨਹੀਂ ਬਚਿਆ ਸੀ। ਉਸ ਨੇ ਪੁੱਛਿਆ: “ਦੁਪਹਿਰ ਨੂੰ ਆਪਾਂ ਕੀ ਖਾਵਾਂਗੇ?” ਲੂਸੂ ਨੇ ਜਵਾਬ ਦਿੱਤਾ ਕਿ ਉਸ ਨੇ ਪਹਿਲਾਂ ਹੀ ਯਹੋਵਾਹ ਨੂੰ ਮਦਦ ਵਾਸਤੇ ਪ੍ਰਾਰਥਨਾ ਕੀਤੀ ਹੈ ਅਤੇ ਉਸ ਨੂੰ ਪੂਰਾ ਯਕੀਨ ਹੈ ਕਿ ਉਹ ਉਨ੍ਹਾਂ ਦੀ ਜ਼ਰੂਰ ਮਦਦ ਕਰੇਗਾ। ਉਸੇ ਦੁਪਹਿਰ ਨੂੰ ਮੰਡਲੀ ਦੇ ਬਜ਼ੁਰਗਾਂ ਨੇ ਲੂਸੂ ਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਉਹ ਆ ਕੇ ਖਾਣ-ਪੀਣ ਦਾ ਸਾਮਾਨ ਲੈ ਜਾਵੇ। ਲੂਸੂ ਦੱਸਦੀ ਹੈ: “ਯਹੋਵਾਹ ਨੇ ਮੇਰੀ ਪ੍ਰਾਰਥਨਾ ਦਾ ਜਵਾਬ ਦਿੱਤਾ ਸੀ, ਇਸ ਲਈ ਮੇਰੇ ਦੋਹਤੇ ਨੇ ਕਿਹਾ ਕਿ ਹੁਣ ਉਸ ਨੂੰ ਪਤਾ ਲੱਗ ਗਿਆ ਕਿ ਯਹੋਵਾਹ ਪ੍ਰਾਰਥਨਾਵਾਂ ਸੁਣਦਾ ਹੈ ਅਤੇ ਜਵਾਬ ਵੀ ਦਿੰਦਾ ਹੈ।”
ਕਾਂਗੋ ਲੋਕਤੰਤਰੀ ਗਣਰਾਜ ਵਿਚ ਯਹੋਵਾਹ ਦੇ ਗਵਾਹਾਂ ਦੇ ਇਕ ਪਰਿਵਾਰ ਦੇ ਗੁਆਂਢ ਵਿਚ ਇਕ ਔਰਤ ਰਹਿੰਦੀ ਹੈ। ਜਦੋਂ ਉਸ ਨੇ ਦੇਖਿਆ ਕਿ ਗਵਾਹ ਉਸ ਪਰਿਵਾਰ ਨੂੰ ਖਾਣ-ਪੀਣ ਦਾ ਸਾਮਾਨ ਦੇ ਰਹੇ ਸਨ, ਤਾਂ ਉਸ ਨੇ ਕਿਹਾ: “ਮਹਾਂਮਾਰੀ ਤੋਂ ਬਾਅਦ ਅਸੀਂ ਵੀ ਯਹੋਵਾਹ ਦੇ ਗਵਾਹ ਬਣਾਂਗੇ ਕਿਉਂਕਿ ਉਨ੍ਹਾਂ ਨੇ ਇਸ ਮੁਸ਼ਕਲ ਸਮੇਂ ਵਿਚ ਆਪਣੇ ਭੈਣਾਂ-ਭਰਾਵਾਂ ਲਈ ਪਰਵਾਹ ਦਿਖਾਈ।” ਉਸ ਦੇ ਪਤੀ ਨੇ ਕਿਹਾ: “ਕੀ ਤੂੰ ਚੌਲਾਂ ਦੀ ਇਕ ਥੈਲੀ ਲਈ ਯਹੋਵਾਹ ਦੀ ਗਵਾਹ ਬਣਨਾ ਚਾਹੁੰਦੀ ਹੈ?” ਉਸ ਨੇ ਕਿਹਾ: “ਬਿਲਕੁਲ ਨਹੀਂ, ਪਰ ਚੌਲਾਂ ਦੀ ਇਕ ਥੈਲੀ ਸੱਚੇ ਪਿਆਰ ਦਾ ਸਬੂਤ ਹੈ।”
ਤੁਹਾਡੇ ਵੱਲੋਂ ਖੁੱਲ੍ਹ-ਦਿਲੀ ਨਾਲ ਦਿੱਤੇ ਦਾਨ ਕਰਕੇ ਯਹੋਵਾਹ ਦੇ ਗਵਾਹ ਇਸ ਮਹਾਂਮਾਰੀ ਦੌਰਾਨ ਆਪਣੇ ਭੈਣਾਂ-ਭਰਾਵਾਂ ਦੀ ਫ਼ੌਰਨ ਮਦਦ ਕਰ ਸਕੇ। donate.mt1130.com ʼਤੇ ਅਲੱਗ-ਅਲੱਗ ਤਰੀਕਿਆਂ ਨਾਲ ਦਿੱਤੇ ਤੁਹਾਡੇ ਦਾਨ ਲਈ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ।