ਅਚਾਨਕ ਸਿਹਤ ਖ਼ਰਾਬ ਹੋਣ ʼਤੇ ਕੀ ਕਰੀਏ?
ਕੀ ਤੁਹਾਡੀ ਸਿਹਤ ਅਚਾਨਕ ਖ਼ਰਾਬ ਹੋ ਗਈ ਹੈ? ਜੇ ਹਾਂ, ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋਣੇ ਕਿ ਇਸ ਤਰ੍ਹਾਂ ਹੋਣ ਤੇ ਤੁਹਾਡੇ ਦਿਲ-ਦਿਮਾਗ਼ ʼਤੇ ਕਿੰਨਾ ਅਸਰ ਪੈ ਸਕਦਾ ਹੈ ਅਤੇ ਇਲਾਜ ʼਤੇ ਕਿੰਨਾ ਖ਼ਰਚਾ ਹੋ ਸਕਦਾ ਹੈ। ਇਸ ਸਮੇਂ ਦੌਰਾਨ ਕਿਹੜੀਆਂ ਗੱਲਾਂ ਤੁਹਾਡੀ ਮਦਦ ਕਰ ਸਕਦੀਆਂ ਹਨ? ਤੁਸੀਂ ਪਰਿਵਾਰ ਦੇ ਕਿਸੇ ਮੈਂਬਰ ਜਾਂ ਦੋਸਤ ਦੀ ਕਿਵੇਂ ਮਦਦ ਕਰ ਸਕਦੇ ਹੋ ਜਿਸ ਦੀ ਸਿਹਤ ਖ਼ਰਾਬ ਹੈ? ਭਾਵੇਂ ਕਿ ਬਾਈਬਲ ਕੋਈ ਦਵਾਈਆਂ ਨਾਲ ਸੰਬੰਧਿਤ ਕਿਤਾਬ ਨਹੀਂ ਹੈ, ਪਰ ਇਸ ਵਿਚ ਵਧੀਆ ਅਸੂਲ ਦਿੱਤੇ ਗਏ ਹਨ ਜੋ ਇਸ ਹਾਲਾਤ ਵਿਚ ਤੁਹਾਡੀ ਮਦਦ ਕਰ ਸਕਦੇ ਹਨ।
ਖ਼ਰਾਬ ਸਿਹਤ ਦੌਰਾਨ ਮਦਦ ਕਰਨ ਵਾਲੇ ਕੁਝ ਸੁਝਾਅ
ਡਾਕਟਰ ਤੋਂ ਸਲਾਹ ਲਓ
ਬਾਈਬਲ ਕਹਿੰਦੀ ਹੈ: “ਹਕੀਮ ਦੀ ਲੋੜ ਤੰਦਰੁਸਤ ਲੋਕਾਂ ਨੂੰ ਨਹੀਂ, ਸਗੋਂ ਬੀਮਾਰਾਂ ਨੂੰ ਪੈਂਦੀ ਹੈ।”—ਮੱਤੀ 9:12.
ਇਸ ਦਾ ਮਤਲਬ ਹੈ: ਲੋੜ ਪੈਣ ʼਤੇ ਡਾਕਟਰਾਂ ਤੋਂ ਸਲਾਹ ਲਓ।
ਇਹ ਕਰੋ: ਸਭ ਤੋਂ ਵਧੀਆ ਇਲਾਜ ਕਰਾਉਣ ਦੀ ਕੋਸ਼ਿਸ਼ ਕਰੋ। ਕਦੀ-ਕਦਾਈਂ ਇਕ ਤੋਂ ਜ਼ਿਆਦਾ ਡਾਕਟਰਾਂ ਦੀ ਸਲਾਹ ਲੈਣੀ ਵਧੀਆ ਹੁੰਦੀ ਹੈ। (ਕਹਾਉਤਾਂ 14:15) ਡਾਕਟਰਾਂ ਤੇ ਨਰਸਾਂ ਨਾਲ ਖੁੱਲ੍ਹ ਕੇ ਗੱਲ ਕਰੋ ਤਾਂਕਿ ਤੁਸੀਂ ਉਨ੍ਹਾਂ ਦੀ ਗੱਲ ਚੰਗੀ ਤਰ੍ਹਾਂ ਸਮਝ ਸਕੋ ਅਤੇ ਉਹ ਤੁਹਾਡੀ ਬੀਮਾਰੀ ਦੇ ਲੱਛਣਾਂ ਬਾਰੇ ਸਾਫ਼-ਸਾਫ਼ ਜਾਣ ਸਕਣ। (ਕਹਾਉਤਾਂ 15:22) ਆਪਣੀ ਬੀਮਾਰੀ ਅਤੇ ਇਸ ਦੇ ਇਲਾਜ ਬਾਰੇ ਜਾਣੋ। ਜਦੋਂ ਤੁਸੀਂ ਸਮਝ ਜਾਂਦੇ ਹੋ ਕਿ ਬੀਮਾਰੀ ਕਰਕੇ ਕੀ ਹੋ ਸਕਦਾ ਹੈ, ਤਾਂ ਤੁਸੀਂ ਇਸ ਦਾ ਵਧੀਆ ਤਰੀਕੇ ਨਾਲ ਸਾਮ੍ਹਣਾ ਕਰਨ ਲਈ ਮਾਨਸਿਕ ਤੌਰ ਤੇ ਤਿਆਰ ਹੋਵੋਗੇ ਅਤੇ ਸਹੀ ਫ਼ੈਸਲੇ ਲੈ ਸਕੋਗੇ।
ਚੰਗੀਆਂ ਆਦਤਾਂ ਬਣਾਈ ਰੱਖੋ
ਬਾਈਬਲ ਕਹਿੰਦੀ ਹੈ: “ਸਰੀਰਕ ਅਭਿਆਸ ਦਾ . . . ਫ਼ਾਇਦਾ ਹੁੰਦਾ ਹੈ।”—1 ਤਿਮੋਥਿਉਸ 4:8.
ਇਸ ਦਾ ਮਤਲਬ ਹੈ: ਚੰਗੀਆਂ ਆਦਤਾਂ ਬਣਾਈ ਰੱਖਣ ਦਾ ਤੁਹਾਨੂੰ ਫ਼ਾਇਦਾ ਹੁੰਦਾ ਹੈ, ਜਿਵੇਂ ਕਸਰਤ ਕਰਨੀ।
ਇਹ ਕਰੋ: ਬਾਕਾਇਦਾ ਕਸਰਤ ਕਰੋ, ਪੌਸ਼ਟਿਕ ਖਾਣਾ ਖਾਓ ਅਤੇ ਚੰਗੀ ਨੀਂਦ ਲਓ। ਭਾਵੇਂ ਕਿ ਖ਼ਰਾਬ ਸਿਹਤ ਕਰਕੇ ਤੁਸੀਂ ਨਵੇਂ ਹਾਲਾਤਾਂ ਮੁਤਾਬਕ ਢਲ਼ ਰਹੇ ਹੋ, ਪਰ ਮਾਹਰ ਇਸ ਗੱਲ ਨਾਲ ਸਹਿਮਤ ਹਨ ਕਿ ਚੰਗੀਆਂ ਆਦਤਾਂ ʼਤੇ ਸਮਾਂ ਅਤੇ ਤਾਕਤ ਲਾਉਣ ਨਾਲ ਵਧੀਆ ਨਤੀਜੇ ਨਿਕਲਣਗੇ। ਪਰ ਇਨ੍ਹਾਂ ਗੱਲਾਂ ਬਾਰੇ ਫ਼ੈਸਲੇ ਕਰਦੇ ਵੇਲੇ ਆਪਣੀ ਬੀਮਾਰੀ ਨੂੰ ਧਿਆਨ ਵਿਚ ਰੱਖੋ ਤਾਂਕਿ ਇਨ੍ਹਾਂ ਦਾ ਤੁਹਾਡੀ ਸਿਹਤ ʼਤੇ ਮਾੜਾ ਅਸਰ ਨਾ ਪਵੇ।
ਦੂਜਿਆਂ ਤੋਂ ਮਦਦ ਮੰਗੋ
ਬਾਈਬਲ ਕਹਿੰਦੀ ਹੈ: “ਸੱਚਾ ਦੋਸਤ ਹਰ ਵੇਲੇ ਪਿਆਰ ਕਰਦਾ ਹੈ ਅਤੇ ਦੁੱਖ ਦੀ ਘੜੀ ਵਿਚ ਭਰਾ ਬਣ ਜਾਂਦਾ ਹੈ।”—ਕਹਾਉਤਾਂ 17:17.
ਇਸ ਦਾ ਮਤਲਬ ਹੈ: ਤੁਹਾਡੇ ਦੋਸਤ ਮੁਸ਼ਕਲ ਘੜੀਆਂ ਵਿੱਚੋਂ ਨਿਕਲਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ।
ਇਹ ਕਰੋ: ਆਪਣੇ ਕਿਸੇ ਭਰੋਸੇਮੰਦ ਦੋਸਤ ਨਾਲ ਗੱਲ ਕਰੋ ਜਿਸ ਨੂੰ ਤੁਸੀਂ ਖੁੱਲ੍ਹ ਕੇ ਆਪਣੀਆਂ ਭਾਵਨਾਵਾਂ ਦੱਸ ਸਕਦੇ ਹੋ। ਇਸ ਤਰ੍ਹਾਂ ਕਰ ਕੇ ਤੁਹਾਨੂੰ ਤਣਾਅ ਤੋਂ ਥੋੜ੍ਹੀ ਰਾਹਤ ਅਤੇ ਖ਼ੁਸ਼ੀ ਮਿਲੇਗੀ। ਦੋਸਤ ਅਤੇ ਪਰਿਵਾਰ ਦੇ ਮੈਂਬਰ ਹੋਰ ਤਰੀਕਿਆਂ ਨਾਲ ਵੀ ਜ਼ਰੂਰ ਤੁਹਾਡੀ ਮਦਦ ਕਰਨੀ ਚਾਹੁਣਗੇ, ਪਰ ਉਨ੍ਹਾਂ ਨੂੰ ਸ਼ਾਇਦ ਪਤਾ ਨਾ ਲੱਗੇ ਕਿ ਉਹ ਇਹ ਕਿਵੇਂ ਕਰਨ। ਇਸ ਲਈ ਉਨ੍ਹਾਂ ਨੂੰ ਸਾਫ਼-ਸਾਫ਼ ਦੱਸੋ ਕਿ ਉਹ ਤੁਹਾਡੀ ਕਿਵੇਂ ਮਦਦ ਕਰ ਸਕਦੇ ਹਨ। ਉਨ੍ਹਾਂ ਤੋਂ ਹੱਦੋਂ ਵੱਧ ਉਮੀਦਾਂ ਨਾ ਰੱਖੋ ਅਤੇ ਉਨ੍ਹਾਂ ਵੱਲੋਂ ਕੀਤੀ ਮਦਦ ਲਈ ਹਮੇਸ਼ਾ ਸ਼ੁਕਰਗੁਜ਼ਾਰ ਰਹੋ। ਪਰ ਸ਼ਾਇਦ ਤੁਹਾਨੂੰ ਕੁਝ ਨਿਯਮ ਵੀ ਬਣਾਉਣ ਦੀ ਲੋੜ ਹੋਵੇ, ਜਿਵੇਂ ਉਹ ਤੁਹਾਨੂੰ ਕਿੰਨੀ ਵਾਰ ਅਤੇ ਕਿੰਨੇ ਸਮੇਂ ਲਈ ਮਿਲਣ ਆ ਸਕਦੇ ਹਨ, ਤਾਂਕਿ ਉਨ੍ਹਾਂ ਵੱਲੋਂ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਕਰਕੇ ਤੁਸੀਂ ਥੱਕ ਨਾ ਜਾਓ।
ਸਹੀ ਨਜ਼ਰੀਆ ਬਣਾਈ ਰੱਖੋ
ਬਾਈਬਲ ਕਹਿੰਦੀ ਹੈ: “ਖ਼ੁਸ਼-ਦਿਲੀ ਇਕ ਚੰਗੀ ਦਵਾਈ ਹੈ, ਪਰ ਕੁਚਲਿਆ ਮਨ ਹੱਡੀਆਂ ਨੂੰ ਸੁਕਾ ਦਿੰਦਾ ਹੈ।”—ਕਹਾਉਤਾਂ 17:22.
ਇਸ ਦਾ ਮਤਲਬ ਹੈ: ਸਹੀ ਨਜ਼ਰੀਆ ਸ਼ਾਂਤ ਰਹਿਣ ਅਤੇ ਖ਼ਰਾਬ ਸਿਹਤ ਨਾਲ ਲੜਨ ਵਿਚ ਤੁਹਾਡੀ ਮਦਦ ਕਰ ਸਕਦਾ ਹੈ।
ਇਹ ਕਰੋ: ਜਦੋਂ ਤੁਸੀਂ ਖ਼ੁਦ ਨੂੰ ਆਪਣੀ ਬੀਮਾਰੀ ਮੁਤਾਬਕ ਢਾਲਦੇ ਹੋ, ਤਾਂ ਇਸ ਗੱਲ ʼਤੇ ਧਿਆਨ ਲਾਓ ਕਿ ਤੁਸੀਂ ਕੀ ਕਰ ਸਕਦੇ ਹੋ, ਨਾ ਕਿ ਇਸ ਗੱਲ ʼਤੇ ਕਿ ਤੁਸੀਂ ਕੀ ਨਹੀਂ ਕਰ ਸਕਦੇ। ਦੂਜਿਆਂ ਨਾਲ ਆਪਣੀ ਤੁਲਨਾ ਨਾ ਕਰੋ ਜਾਂ ਇਹ ਨਾ ਸੋਚੋ ਕਿ ਬੀਮਾਰ ਹੋਣ ਤੋਂ ਪਹਿਲਾਂ ਤੁਸੀਂ ਕੀ-ਕੀ ਕਰ ਪਾਉਂਦੇ ਸੀ। (ਗਲਾਤੀਆਂ 6:4) ਉਹ ਟੀਚੇ ਰੱਖੋ ਜਿਨ੍ਹਾਂ ਨੂੰ ਤੁਸੀਂ ਹਾਸਲ ਕਰ ਸਕਦੇ ਹੋ। ਇੱਦਾਂ ਕਰ ਕੇ ਤੁਸੀਂ ਸਹੀ ਨਜ਼ਰੀਆ ਬਣਾਈ ਰੱਖ ਸਕੋਗੇ। (ਕਹਾਉਤਾਂ 24:10) ਆਪਣੇ ਹਾਲਾਤਾਂ ਅਨੁਸਾਰ ਦੂਜਿਆਂ ਲਈ ਕੁਝ ਕਰਨ ਦੀ ਕੋਸ਼ਿਸ਼ ਕਰੋ। ਇਸ ਤਰ੍ਹਾਂ ਕਰ ਕੇ ਤੁਹਾਨੂੰ ਉਹ ਖ਼ੁਸ਼ੀ ਮਿਲੇਗੀ ਜੋ ਦੂਜਿਆਂ ਨੂੰ ਦੇਣ ਨਾਲ ਮਿਲਦੀ ਹੈ ਅਤੇ ਤੁਸੀਂ ਆਪਣੀਆਂ ਮੁਸ਼ਕਲਾਂ ਬਾਰੇ ਹੱਦੋਂ ਵੱਧ ਨਹੀਂ ਸੋਚੋਗੇ।—ਰਸੂਲਾਂ ਦੇ ਕੰਮ 20:35.
ਕੀ ਬੀਮਾਰੀ ਨਾਲ ਲੜਨ ਵਿਚ ਪਰਮੇਸ਼ੁਰ ਸਾਡੀ ਮਦਦ ਕਰੇਗਾ?
ਬਾਈਬਲ ਦੱਸਦੀ ਹੈ ਕਿ ਯਹੋਵਾਹ ਪਰਮੇਸ਼ੁਰ a ਬੀਮਾਰੀ ਨਾਲ ਲੜਨ ਵਿਚ ਸਾਡੀ ਮਦਦ ਕਰ ਸਕਦਾ ਹੈ। ਭਾਵੇਂ ਕਿ ਯਹੋਵਾਹ ਦੀ ਭਗਤੀ ਕਰਨ ਵਾਲੇ ਲੋਕ ਇਹ ਉਮੀਦ ਨਹੀਂ ਰੱਖ ਸਕਦੇ ਕਿ ਉਹ ਉਨ੍ਹਾਂ ਨੂੰ ਚਮਤਕਾਰੀ ਢੰਗ ਨਾਲ ਠੀਕ ਕਰ ਦੇਵੇਗਾ, ਪਰ ਹੇਠ ਲਿਖੀਆਂ ਗੱਲਾਂ ਰਾਹੀਂ ਉਹ ਸਾਡੀ ਮਦਦ ਕਰ ਸਕਦਾ ਹੈ:
ਸ਼ਾਂਤੀ। ਯਹੋਵਾਹ ਸਾਨੂੰ ਉਹ “ਸ਼ਾਂਤੀ” ਦੇ ਸਕਦਾ ਹੈ “ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ।” (ਫ਼ਿਲਿੱਪੀਆਂ 4:6, 7) ਮਨ ਦੀ ਸ਼ਾਂਤੀ ਹੋਣ ਕਰਕੇ ਇਕ ਵਿਅਕਤੀ ਚਿੰਤਾ ਵਿਚ ਡੁੱਬ ਜਾਣ ਤੋਂ ਬਚ ਸਕਦਾ ਹੈ। ਪਰਮੇਸ਼ੁਰ ਅਜਿਹੀ ਸ਼ਾਂਤੀ ਉਨ੍ਹਾਂ ਨੂੰ ਦਿੰਦਾ ਹੈ ਜੋ ਪ੍ਰਾਰਥਨਾ ਰਾਹੀਂ ਆਪਣੀਆਂ ਚਿੰਤਾਵਾਂ ਉਸ ਨੂੰ ਦੱਸਦੇ ਹਨ।—1 ਪਤਰਸ 5:7.
ਬੁੱਧ। ਯਹੋਵਾਹ ਸਾਨੂੰ ਸਹੀ ਫ਼ੈਸਲੇ ਕਰਨ ਲਈ ਬੁੱਧ ਦੇ ਸਕਦਾ ਹੈ। (ਯਾਕੂਬ 1:5) ਪਰਮੇਸ਼ੁਰ ਉਸ ਇਨਸਾਨ ਨੂੰ ਇਹ ਬੁੱਧ ਦਿੰਦਾ ਹੈ ਜੋ ਬਾਈਬਲ ਵਿਚ ਪਾਏ ਜਾਂਦੇ ਫ਼ਾਇਦੇਮੰਦ ਅਸੂਲਾਂ ਬਾਰੇ ਸਿੱਖਦਾ ਤੇ ਇਨ੍ਹਾਂ ਨੂੰ ਲਾਗੂ ਕਰਦਾ ਹੈ।
ਭਵਿੱਖ ਲਈ ਸ਼ਾਨਦਾਰ ਉਮੀਦ। ਯਹੋਵਾਹ ਵਾਅਦਾ ਕਰਦਾ ਹੈ ਕਿ ਆਉਣ ਵਾਲੇ ਸਮੇਂ ਵਿਚ “ਕੋਈ ਵਾਸੀ ਨਾ ਕਹੇਗਾ: ‘ਮੈਂ ਬੀਮਾਰ ਹਾਂ।’” (ਯਸਾਯਾਹ 33:24) ਇਸ ਉਮੀਦ ਕਰਕੇ ਬਹੁਤ ਸਾਰੇ ਲੋਕਾਂ ਦੀ ਗੰਭੀਰ ਸਿਹਤ ਸਮੱਸਿਆਵਾਂ ਵਿਚ ਵੀ ਸਹੀ ਨਜ਼ਰੀਆ ਬਣਾਈ ਰੱਖਣ ਵਿਚ ਮਦਦ ਹੁੰਦੀ ਹੈ।—ਯਿਰਮਿਯਾਹ 29:11, 12.
a ਬਾਈਬਲ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।—ਜ਼ਬੂਰ 83:18.