ਚਿੰਤਾ ਨਾਲ ਘਿਰੇ ਆਦਮੀਆਂ ਦੀ ਬਾਈਬਲ ਕਿਵੇਂ ਮਦਦ ਕਰ ਸਕਦੀ ਹੈ?
ਜਦੋਂ ਤੁਸੀਂ ਚਿੰਤਾ a ਵਿਚ ਡੁੱਬੇ ਕਿਸੇ ਵਿਅਕਤੀ ਬਾਰੇ ਸੋਚਦੇ ਹੋ, ਤਾਂ ਤੁਹਾਡੇ ਮਨ ਵਿਚ ਸ਼ਾਇਦ ਕਿਹੋ ਜਿਹੇ ਵਿਅਕਤੀ ਦੀ ਤਸਵੀਰ ਬਣੇ? ਅਜਿਹੇ ਵਿਅਕਤੀ ਦੀ ਜੋ ਡਰਿਆ ਹੋਇਆ ਹੈ, ਜੋ ਸ਼ਾਇਦ ਸਵੇਰ ਨੂੰ ਆਪਣੇ ਬਿਸਤਰੇ ਵਿੱਚੋਂ ਉੱਠਣਾ ਨਾ ਚਾਹੇ ਜਾਂ ਜੋ ਬਸ ਆਪਣੀਆਂ ਚਿੰਤਾਵਾਂ ਬਾਰੇ ਗੱਲ ਕਰੇ।
ਚਿੰਤਾਵਾਂ ਦਾ ਸਾਮ੍ਹਣਾ ਕਰ ਰਹੇ ਕੁਝ ਲੋਕਾਂ ʼਤੇ ਇਸ ਤਰ੍ਹਾਂ ਦਾ ਅਸਰ ਪੈਂਦਾ ਹੈ। ਪਰ ਖੋਜਕਾਰਾਂ ਨੇ ਪਤਾ ਲਗਾਇਆ ਹੈ ਕਿ ਹੋਰ ਜਣਿਆਂ, ਖ਼ਾਸ ਕਰਕੇ ਆਦਮੀਆਂ, ʼਤੇ ਸ਼ਾਇਦ ਅਲੱਗ ਅਸਰ ਪਵੇ। ਇਕ ਰਿਪੋਰਟ ਅਨੁਸਾਰ ਆਦਮੀ “ਚਿੰਤਾ ਵਿਚ ਸ਼ਰਾਬ, ਦਵਾਈਆਂ ਅਤੇ ਨਸ਼ੀਲੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਨ। ਇਸ ਲਈ ਲੱਗਦਾ ਹੈ ਕਿ ਸ਼ਰਾਬ ਪੀਣੀ ਸ਼ਾਇਦ ਇਸ ਗੱਲ ਦੀ ਨਿਸ਼ਾਨੀ ਹੋਵੇ ਕਿ ਉਹ ਆਦਮੀ ਚਿੰਤਾ ਵਿਚ ਹੈ। ਨਾਲੇ ਜਿਹੜੇ ਆਦਮੀ ਚਿੰਤਾ ਵਿਚ ਹੁੰਦੇ ਹਨ, ਉਹ ਅਕਸਰ ਗੁੱਸੇਖ਼ੋਰ ਅਤੇ ਚਿੜਚਿੜੇ ਹੁੰਦੇ ਹਨ।”
ਪਰ ਸਾਰੇ ਆਦਮੀਆਂ ʼਤੇ ਇੱਕੋ ਜਿਹਾ ਅਸਰ ਨਹੀਂ ਪੈਂਦਾ। ਭਾਵੇਂ ਚਿੰਤਾ ਦਾ ਵਿਅਕਤੀ ʼਤੇ ਜੋ ਮਰਜ਼ੀ ਅਸਰ ਪਵੇ, ਪਰ “ਮੁਸੀਬਤਾਂ ਨਾਲ ਭਰੇ” ਸਮੇਂ ਵਿਚ ਇਹ ਸਮੱਸਿਆ ਵਧਦੀ ਜਾ ਰਹੀ ਹੈ ਜਿਸ ਦਾ “ਸਾਮ੍ਹਣਾ ਕਰਨਾ ਬਹੁਤ ਮੁਸ਼ਕਲ” ਹੈ। (2 ਤਿਮੋਥਿਉਸ 3:1) ਜੇ ਤੁਸੀਂ ਚਿੰਤਾ ਵਿਚ ਹੋ, ਤਾਂ ਕੀ ਬਾਈਬਲ ਤੁਹਾਡੀ ਮਦਦ ਕਰ ਸਕਦੀ ਹੈ?
ਚਿੰਤਾ ਨਾਲ ਸਿੱਝਣ ਸੰਬੰਧੀ ਬਾਈਬਲ ਦੀਆਂ ਵਧੀਆ ਸਲਾਹਾਂ
ਬਾਈਬਲ ਵਿਚ ਵਧੀਆ ਸਲਾਹਾਂ ਦਿੱਤੀਆਂ ਗਈਆਂ ਹਨ ਜੋ ਚਿੰਤਾ ਵਿਚ ਸਾਡੀ ਮਦਦ ਕਰ ਸਕਦੀਆਂ ਹਨ। ਆਓ ਆਪਾਂ ਤਿੰਨ ਮਿਸਾਲਾਂ ʼਤੇ ਗੌਰ ਕਰੀਏ।
1. “ਕਦੇ ਵੀ ਕੱਲ੍ਹ ਦੀ ਚਿੰਤਾ ਨਾ ਕਰੋ ਕਿਉਂਕਿ ਕੱਲ੍ਹ ਦੀਆਂ ਆਪਣੀਆਂ ਚਿੰਤਾਵਾਂ ਹੋਣਗੀਆਂ। ਅੱਜ ਦੀਆਂ ਪਰੇਸ਼ਾਨੀਆਂ ਅੱਜ ਲਈ ਬਹੁਤ ਹਨ।”—ਮੱਤੀ 6:34.
ਮਤਲਬ: ਸਮਝਦਾਰੀ ਹੋਵੇਗੀ ਕਿ ਅਸੀਂ ਉਨ੍ਹਾਂ ਗੱਲਾਂ ਬਾਰੇ ਹੱਦੋਂ ਵੱਧ ਚਿੰਤਾ ਨਾ ਕਰੀਏ ਜੋ ਸ਼ਾਇਦ ਭਵਿੱਖ ਵਿਚ ਹੋਣ (ਜਾਂ ਸ਼ਾਇਦ ਨਾ ਹੋਣ) ਕਈ ਵਾਰ ਜਿੱਦਾਂ ਅਸੀਂ ਸੋਚਦੇ ਹਾਂ, ਉੱਦਾਂ ਨਹੀਂ ਹੁੰਦਾ। ਕੁਝ ਮਾਮਲਿਆਂ ਵਿਚ ਤਾਂ ਹਾਲਾਤ ਸਾਡੀ ਸੋਚ ਨਾਲੋਂ ਕਿਤੇ ਵਧੀਆ ਹੋ ਜਾਂਦੇ ਹਨ।
ਇੱਦਾਂ ਕਰ ਕੇ ਦੇਖੋ: ਉਸ ਸਮੇਂ ਨੂੰ ਯਾਦ ਕਰੋ ਜਦੋਂ ਤੁਹਾਨੂੰ ਯਕੀਨ ਸੀ ਕਿ ਕੁਝ ਬੁਰਾ ਹੋਵੇਗਾ, ਪਰ ਨਹੀਂ ਹੋਇਆ। ਫਿਰ ਆਪਣੀਆਂ ਹੁਣ ਦੀਆਂ ਚਿੰਤਾਵਾਂ ਬਾਰੇ ਧਿਆਨ ਨਾਲ ਸੋਚੋ। ਸੋਚੋ ਕਿ ਜਿਸ ਗੱਲ ਬਾਰੇ ਤੁਸੀਂ ਇੰਨੀ ਚਿੰਤਾ ਕਰਦੇ ਹੋ, ਕੀ ਉਹ ਆਉਣ ਵਾਲੇ ਸਮੇਂ ਵਿਚ ਵਾਕਈ ਵੱਡੀ ਸਮੱਸਿਆ ਬਣ ਜਾਵੇਗੀ।
2. “ਜਿਵੇਂ ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ, ਉਸੇ ਤਰ੍ਹਾਂ ਇਕ ਆਦਮੀ ਆਪਣੇ ਦੋਸਤ ਨੂੰ ਤਿੱਖਾ ਕਰਦਾ ਹੈ।”—ਕਹਾਉਤਾਂ 27:17.
ਮਤਲਬ: ਹੋਰ ਲੋਕ ਚਿੰਤਾਵਾਂ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰ ਸਕਦੇ ਹਨ, ਪਰ ਜੇ ਅਸੀਂ ਉਨ੍ਹਾਂ ਨੂੰ ਮਦਦ ਕਰਨ ਦੇਈਏ ਤਾਂ। ਉਹ ਸ਼ਾਇਦ ਸਾਨੂੰ ਆਪਣੇ ਤਜਰਬੇ ਦੇ ਆਧਾਰ ʼਤੇ ਕੁਝ ਵਧੀਆ ਸੁਝਾਅ ਦੇਣ। ਉਹ ਸ਼ਾਇਦ ਮਾਮਲੇ ਨੂੰ ਅਲੱਗ ਤਰੀਕੇ ਨਾਲ ਦੇਖਣ ਵਿਚ ਸਾਡੀ ਮਦਦ ਕਰਨ।
ਇੱਦਾਂ ਕਰ ਕੇ ਦੇਖੋ: ਉਸ ਵਿਅਕਤੀ ਬਾਰੇ ਸੋਚੋ ਜੋ ਤੁਹਾਨੂੰ ਵਧੀਆ ਸਲਾਹ ਦੇ ਸਕਦਾ ਹੈ, ਜਿਵੇਂ ਅਜਿਹਾ ਦੋਸਤ ਜਿਸ ਨੇ ਤੁਹਾਡੇ ਵਰਗੀ ਮੁਸ਼ਕਲ ਦਾ ਸਾਮ੍ਹਣਾ ਕੀਤਾ ਹੈ। ਪੁੱਛੋ ਕਿ ਕਿਹੜੀਆਂ ਗੱਲਾਂ ਨੇ ਉਸ ਦੀ ਮਦਦ ਕੀਤੀ ਤੇ ਕਿਹੜੀਆਂ ਨੇ ਨਹੀਂ।
3. “ਆਪਣੀਆਂ ਸਾਰੀਆਂ ਚਿੰਤਾਵਾਂ [ਜਾਂ “ਪਰੇਸ਼ਾਨੀਆਂ,” ਫੁਟਨੋਟ] ਦਾ ਬੋਝ ਉਸ ਉੱਤੇ ਪਾ ਦਿਓ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।”—1 ਪਤਰਸ 5:7.
ਮਤਲਬ: ਪਰਮੇਸ਼ੁਰ ਚਿੰਤਾ ਵਿਚ ਘਿਰੇ ਲੋਕਾਂ ਦੀ ਪਰਵਾਹ ਕਰਦਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਆਪਣੀਆਂ ਚਿੰਤਾਵਾਂ ਦੱਸੀਏ।
ਇੱਦਾਂ ਕਰ ਕੇ ਦੇਖੋ: ਉਹ ਗੱਲਾਂ ਲਿਖੋ ਜਿਨ੍ਹਾਂ ਕਰਕੇ ਤੁਸੀਂ ਚਿੰਤਾ ਵਿਚ ਹੋ। ਫਿਰ ਪਰਮੇਸ਼ੁਰ ਨੂੰ ਆਪਣੀ ਹਰ ਚਿੰਤਾ ਬਾਰੇ ਖੁੱਲ੍ਹ ਕੇ ਦੱਸੋ ਅਤੇ ਚਿੰਤਾ ਦਾ ਸਾਮ੍ਹਣਾ ਕਰਨ ਲਈ ਉਸ ਤੋਂ ਮਦਦ ਮੰਗੋ।
ਜਦੋਂ ਚਿੰਤਾ ਦਾ ਨਾਮੋ-ਨਿਸ਼ਾਨ ਨਹੀਂ ਹੋਵੇਗਾ
ਬਾਈਬਲ ਸਿਰਫ਼ ਇਹੀ ਨਹੀਂ ਦੱਸਦੀ ਕਿ ਅਸੀਂ ਚਿੰਤਾਵਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ, ਪਰ ਉਸ ਸਮੇਂ ਦਾ ਵਾਅਦਾ ਵੀ ਕਰਦੀ ਹੈ ਜਦੋਂ ਚਿੰਤਾਵਾਂ ਦਾ ਕਿਤੇ ਨਾਮੋ-ਨਿਸ਼ਾਨ ਵੀ ਨਹੀਂ ਹੋਵੇਗਾ। ਇਹ ਕਿਵੇਂ ਹੋਵੇਗਾ?
ਪਰਮੇਸ਼ੁਰ ਦਾ ਰਾਜ ਚਿੰਤਾ ਦੇ ਸਾਰੇ ਕਾਰਨਾਂ ਨੂੰ ਜੜ੍ਹੋਂ ਖ਼ਤਮ ਕਰ ਦੇਵੇਗਾ। (ਪ੍ਰਕਾਸ਼ ਦੀ ਕਿਤਾਬ 21:4) ਦਰਅਸਲ, ਪਰਮੇਸ਼ੁਰ ਦੇ ਰਾਜ ਅਧੀਨ ਚਿੰਤਾ ਦੀ ਕੋਈ ਯਾਦ ਵੀ ਸਾਨੂੰ ਦੁੱਖ ਨਹੀਂ ਪਹੁੰਚਾਵੇਗੀ।—ਯਸਾਯਾਹ 65:17.
“ਸ਼ਾਂਤੀ ਦਾ ਪਰਮੇਸ਼ੁਰ” ਤੁਹਾਨੂੰ ਇਹ ਭਵਿੱਖ ਦੇਣਾ ਚਾਹੁੰਦਾ ਹੈ।(ਰੋਮੀਆਂ 16:20) ਉਹ ਸਾਨੂੰ ਭਰੋਸਾ ਦਿਵਾਉਂਦਾ ਹੈ: “ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮੈਂ ਤੁਹਾਡੇ ਲਈ ਕੀ ਕਰਨ ਦਾ ਇਰਾਦਾ ਕੀਤਾ ਹੈ। ਮੈਂ ਤੁਹਾਡੇ ਉੱਤੇ ਬਿਪਤਾ ਨਹੀਂ ਲਿਆਵਾਂਗਾ, ਸਗੋਂ ਤੁਹਾਨੂੰ ਸ਼ਾਂਤੀ ਬਖ਼ਸ਼ਾਂਗਾ। ਮੈਂ ਤੁਹਾਨੂੰ ਚੰਗਾ ਭਵਿੱਖ ਅਤੇ ਉਮੀਦ ਦਿਆਂਗਾ।”—ਯਿਰਮਿਯਾਹ 29:11.